ਨਵੀਂ ਖੇਡ ਨੀਤੀ ਨੂੰ ਅਮਲੀਜਾਮਾ ਪਹਿਨਾਉਣ ਤੋਂ ਪਹਿਲਾਂ ਖੇਡਾਂ ਨਾਲ ਜੁੜੇ ਲੋਕਾਂ ਦੇ ਸੁਝਾਅ ਲਏ ਜਾਣਗੇ

0
2523

ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਖੇਡ ਨਕਸ਼ੇ ਉੱਤੇ ਮੁੜ ਉਭਾਰਨ ਦੀ ਵਚਨਬੱਧਤਾ ਉਤੇ ਪਹਿਰਾ ਦਿੰਦਿਆਂ ਖੇਡ ਵਿਭਾਗ ਵੱਲੋਂ ਬਣਾਈ ਜਾ ਰਹੀ ਵਿਆਪਕ ਖੇਡ ਨੀਤੀ ਨੂੰ ਅਮਲੀਜਾਮਾ ਪਹਿਨਾਉਣ ਤੋਂ ਪਹਿਲਾਂ ਲੋਕਾਂ ਦੇ ਸੁਝਾਅ ਲਏ ਜਾਣਗੇ, ਜਿਸ ਤੋਂ ਬਾਅਦ ਇਹ ਨੀਤੀ ਬਹੁਤ ਜਲਦ ਲਾਗੂ ਕਰ ਦਿੱਤੀ ਜਾਵੇਗੀ।

ਇਹ ਗੱਲ ਪੰਜਾਬ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਖੇਡ ਨੀਤੀ ਦਾ ਖਰੜਾ ਤਿਆਰ ਕਰਨ ਲਈ ਬਣਾਈ ਗਈ ਮਾਹਿਰਾਂ ਦੀ ਕਮੇਟੀ ਨਾਲ ਮੈਰਾਥਨ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਕਹੀ।

ਮੀਤ ਹੇਅਰ ਨੇ ਕਿਹਾ ਕਿ ਖੇਡ ਨੀਤੀ ਦਾ ਖਰੜਾ ਤਿਆਰ ਕਰ ਲਿਆ ਹੈ ਅਤੇ ਇਸ ਨੂੰ ਪ੍ਰਵਾਨਗੀ ਲਈ ਭੇਜਣ ਤੋਂ ਪਹਿਲਾਂ ਖੇਡਾਂ ਤੇ ਖਿਡਾਰੀਆਂ ਨਾਲ ਜੁੜੇ ਵਿਅਕਤੀਆਂ ਦੀ ਫੀਡਬੈਕ ਹਾਸਲ ਕਰਨ ਲੋਕਾਂ ਦੀ ਰਾਏ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਸ ਉਪਰੰਤ ਲੋਕਾਂ ਦੇ ਸੁਝਾਵਾਂ ਨੂੰ ਸ਼ਾਮਲ ਕਰਕੇ ਕਾਰਗਾਰ ਖੇਡ ਨੀਤੀ ਤਿਆਰ ਕੀਤੀ ਜਾਵੇਗੀ ਜੋ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਵੇਗੀ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੇ ਰਾਏ ਲੈਣ ਤੋਂ ਬਾਅਦ ਖੇਡ ਨੀਤੀ ਦੇ ਖਰੜੇ ਨੂੰ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਇਸ ਨੂੰ ਲਾਗੂ ਕੀਤਾ ਜਾ ਸਕੇ।

ਖੇਡ ਮੰਤਰੀ ਨੇ ਕਿਹਾ ਕਿ ਖੇਡ ਨੀਤੀ ਵਿੱਚ ਖੇਡ ਵਿਭਾਗ ਨੂੰ ਮਜ਼ਬੂਤ ਕਰਨਾ ਅਤੇ ਵੱਧ ਤੋਂ ਵੱਧ ਕੋਚਾਂ ਦੀ ਭਰਤੀ ਕੀਤੀ ਜਾਵੇਗੀ, ਖੇਡ ਵਿੰਗਾਂ ਦੀਆਂ ਸੀਟਾਂ ਵਧਾਉਣੀਆਂ, ਖੇਡ ਪੱਖੀ ਮਾਹੌਲ ਸਿਰਜਣ, ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਵਿੱਤੀ ਸਹਾਇਤਾ ਦੇਣਾ, ਹਰ ਖੇਡ ਦੇ ਅਹਿਮ ਖੇਡ ਮੁਕਾਬਲੇ ਨੂੰ ਇਨਾਮ ਰਾਸ਼ੀ ਦੀ ਗਿਣਤੀ ਵਿੱਚ ਸ਼ਾਮਲ ਕਰਨਾ, ਖਿਡਾਰੀਆਂ ਨੂੰ ਨੌਕਰੀਆਂ ਦੇਣਾ, ਚੰਗੇ ਪ੍ਰਦਰਸ਼ਨ ਵਾਲੇ ਕੋਚਾਂ ਨੂੰ ਪ੍ਰੋਤਸਾਹਨ ਦੇਣਾ ਅਤੇ ਕੋਚਾਂ ਲਈ ਐਵਾਰਡ ਸ਼ੁਰੂ ਕਰਨਾ, ਸਕੂਲ ਸਿੱਖਿਆ ਤੇ ਉਚੇਰੀ ਸਿੱਖਿਆ ਵਿਭਾਗਾਂ ਨਾਲ ਮਿਲ ਕੇ ਖੇਡ ਵਿਭਾਗ ਵੱਲੋਂ ਸਾਂਝਾ ਕੈਲੰਡਰ ਤਿਆਰ ਕਰਨਾ ਅਤੇ ਖਿਡਾਰੀਆਂ ਲਈ ਵਜ਼ੀਫ਼ਾ ਸਕੀਮ ਸ਼ੁਰੂ ਕਰਨਾ ਪ੍ਰਮੁੱਖ ਵਿਸ਼ੇਸ਼ਤਾਵਾਂ ਹੋਣਗੀਆਂ।

ਅੱਜ ਦੀ ਮੀਟਿੰਗ ਦੀ ਸ਼ੁਰੂਆਤ ਵਿੱਚ ਵਿਭਾਗ ਦੇ ਨਵੇਂ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਖੇਡਾਂ ਕਰਕੇ ਵੱਡੀ ਪਛਾਣ ਰਹੀ ਹੈ ਅਤੇ ਪੰਜਾਬ ਦੀ ਖੇਡਾਂ ਦੀ ਅਮੀਰ ਵਿਰਾਸਤ ਨੂੰ ਅੱਗੇ ਵਧਾਉਣ ਲਈ ਨਵੀਂ ਖੇਡ ਨੀਤੀ ਅਹਿਮ ਰੋਲ ਨਿਭਾਏਗੀ ਜਿਸ ਲਈ ਸਾਰੇ ਮਾਹਿਰਾਂ ਦੀ ਰਾਏ ਬਹੁਤ ਜ਼ਰੂਰੀ ਹੈ।

ਕਮੇਟੀ ਵਿੱਚ ਸ਼ਾਮਲ ਮਾਹਿਰਾਂ ਸਾਬਕਾ ਡੀਜੀਪੀ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ, ਹਾਕੀ ਓਲੰਪੀਅਨ ਗੋਲ਼ਡ ਮੈਡਲਿਸਟ ਤੇ ਅਰਜੁਨਾ ਐਵਾਰਡੀ ਸੁਰਿੰਦਰ ਸਿੰਘ ਸੋਢੀ, ਦਰੋਣਾਚਾਰੀਆ ਐਵਾਰਡੀ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਸਾਬਕਾ ਚੀਫ ਕੋਚ ਗੁਰਬਖ਼ਸ਼ ਸਿੰਘ ਸੰਧੂ ਤੇ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਖੇਡ ਡਾਇਰੈਕਟਰ ਡਾ ਰਾਜ ਕੁਮਾਰ ਸ਼ਰਮਾ ਨੇ ਆਪੋ-ਆਪਣੇ ਵਿਚਾਰ ਸਾਂਝੇ ਕਰਦਿਆਂ ਹੇਠਲੇ ਪੱਧਰ ਉੱਤੇ ਖੇਡ ਮੁਕਾਬਲੇ ਵਧਾਉਣਾ ਜਾਂ ਲੀਗ ਸ਼ੁਰੂ ਕਰਨਾ, ਕੋਚਾਂ ਦੀ ਹੇਠਲੇ ਪੱਧਰ ਉੱਤੇ ਵੱਧ ਤੋਂ ਵੱਧ ਭਰਤੀ, ਦੇਸ਼ ਜਾਂ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਤੁਰੰਤ ਉਨ੍ਹਾਂ ਦੇ ਪ੍ਰਦਰਸ਼ਨ ਤੇ ਯੋਗਤਾ ਅਨੁਸਾਰ ਨੌਕਰੀ ਦੇਣਾ, ਸਰਕਾਰੀ ਭਰਤੀ ਵਿੱਚ ਨਾਮੀਂ ਖਿਡਾਰੀਆਂ ਨੂੰ ਤਵੱਜੋਂ ਦੇਣ ਦੀ ਗੱਲ ਕੀਤੀ।  

ਖੇਡ ਡਾਇਰੈਕਟ ਅਮਿਤ ਤਲਵਾੜ ਨੇ ਖਰੜੇ ਦੇ ਕਾਪੀ ਦੀ ਪੇਸ਼ਕਾਰੀ ਦਿਖਾਈ ਜਿਸ ਵਿੱਚ ਪਿਛਲੀ ਮੀਟਿੰਗ ਦੌਰਾਨ ਮਾਹਿਰਾਂ ਵੱਲੋਂ ਮਿਲੇ ਸੁਝਾਆਂ ਨੂੰ ਵੀ ਸ਼ਾਮਲ ਕੀਤਾ ਗਿਆ।