ਫ਼ਰੀਦਕੋਟ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਿਸ਼ਤੇਦਾਰਾਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਪਹਿਲਾਂ ਸੋਸ਼ਲ ਮੀਡੀਏ ਰਾਹੀਂ ਲਾਈਵ ਹੋ ਕੇ ਆਪਣਾ ਦੁੱਖ ਦੱਸਿਆ ਤੇ ਫਿਰ ਨਹਿਰ ਵਿਚ ਛਾਲ ਮਾਰ ਦਿੱਤੀ। ਸਥਾਨਕ ਦੁਆਰੇਆਣਾ ਰੋਡ ਦੇ ਵਸਨੀਕ ਨਰਿੰਦਰ ਕੁਮਾਰ ਉਰਫ ਕਾਕੂ ਤਨੇਜਾ ਨੇ ਰੋ-ਰੋ ਕੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਰੋਹਿਤ, ਸੋਨੀ ਅਤੇ ਇੰਦੂ ਉਸਨੂੰ ਬਹੁਤ ਜ਼ਲੀਲ ਕਰਦੇ ਆ ਰਹੇ ਹਨ ਤੇ ਉਹ ਦੁਖੀ ਹੋ ਕੇ ਮਰਨ ਜਾ ਰਿਹਾ ਹੈ, ਉਸ ਨੇ ਆਪਣੇ ਭਰਾ ਗਗਨਦੀਪ ਦਾ ਨਾਂ ਲੈ ਕੇ ਆਖਿਆ ਕਿ ਗਗਨ ਮੇਰੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਵਾਰੀ ਤੇਰੀ ਹੈ ਕਿਉਂਕਿ ਮੈਂ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਜਾ ਰਿਹਾ ਹਾਂ।
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 3 ਮਾਸੂਮ ਬੱਚਿਆਂ ਨੂੰ ਛੱਡ ਗਿਆ ਹੈ। ਸਦਰ ਥਾਣਾ ਫਰੀਦਕੋਟ ਦੇ ਏਐੱਸਆਈ ਜਗਤਾਰ ਸਿੰਘ ਸੰਧੂ ਨੇ ਦੱਸਿਆ ਕਿ ਕਾਕੂ ਦੀ ਲਾਸ਼ ਨਹਿਰ ਵਿਚੋਂ ਬਰਾਮਦ ਕਰ ਲਈ ਹੈ ਤੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਭਰਾ ਐਡਵੋਕੇਟ ਗਗਨਦੀਪ ਤਨੇਜਾ ਦੇ ਬਿਆਨਾਂ ਦੇ ਆਧਾਰ ’ਤੇ ਰੋਹਿਤ, ਸੋਨੀ ਅਤੇ ਇੰਦੂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।