ਹੁਸ਼ਿਆਰਪੁਰ | ਅੱਜ ਲਾੜੇ ਦੀ ਗੱਡੀ ‘ਤੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਲਾੜੇ ਸਮੇਤ 7 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਦੇਪੁਰ ਦੇ ਜਸਵੀਰ ਸਿੰਘ ਪੁੱਤਰ ਜਗਦੀਸ਼ ਦਾ ਵਿਆਹ ਐਤਵਾਰ ਨੂੰ ਸੀ, ਜਿਸਨੂੰ ਵਿਆਹੁਣ ਲਈ ਦੇਪੁਰ ਤੋਂ ਪਿੰਡ ਲੈਹੜੀਆਂ ਕਾਰ ‘ਚ ਜਾ ਰਹੇ ਸਨ।
ਜਦੋਂ ਲਾੜੇ ਦੀ ਗੱਡੀ ਦਾਤਾਰਪੁਰ ਤੋਂ ਹਾਜੀਪੁਰ ਰੋਡ ‘ਤੇ ਪੈਂਦੀ ਮੁਕੇਰੀਆਂ ਹਾਈਡਲ ਪ੍ਰੋਜੈਕਟ ਨਹਿਰ ਕੋਲ ਪੁੱਜੀ ਤਾਂ ਮਧੂਮੱਖੀਆਂ ਵਲੋਂ ਲਾੜੇ ਦੀ ਕਾਰ ‘ਤੇ ਹਮਲਾ ਕਰ ਦਿੱਤਾ ਗਿਆ। ਵੱਡੀ ਗਿਣਤੀ ‘ਚ ਮਧੂਮੱਖੀਆਂ ਕਾਰ ਦੇ ਸ਼ੀਸ਼ੇ ਖੁੱਲ੍ਹੇ ਹੋਣ ਕਾਰਣ ਅੰਦਰ ਵੜ ਗਈਆਂ, ਜਿਸ ਨਾਲ ਕਾਰ ਸਵਾਰਾਂ ਨੂੰ ਗੱਡੀ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਅਤੇ ਜਾਨ ਬਚਾਉਣ ਦੀ ਗੁਹਾਰ ਲਗਾਉਣੀ ਪਈ।
ਪਿੰਡ ਦੇ ਲੋਕਾਂ ਨੇ ਆਪਣੀ ਗੱਡੀ ‘ਚ ਪਾ ਕੇ ਜ਼ਖ਼ਮੀ ਹੋਏ ਲੋਕਾਂ ਨੂੰ ਨੇੜੇ ਪੈਂਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ। ਡਾਕਟਰਾਂ ਦਾ ਕਹਿਣਾ ਸੀ ਕਿ ਲਾੜੇ ਨੂੰ ਤਾਂ ਮੁੱਢਲੇ ਇਲਾਜ ਤੋਂ ਬਾਅਦ ਕੁਝ ਦੇਰ ਬਾਅਦ ਭੇਜ ਦਿੱਤਾ ਗਿਆ ਤੇ ਬਾਕੀਆਂ ਨੂੰ ਵੀ ਇਲਾਜ ਤੋਂ ਬਾਅਦ ਸ਼ਾਮ ਤਕ ਘਰ ਭੇਜ ਦਿੱਤਾ ਜਾਵੇਗਾ।