ਗੁਰਦਾਸਪੁਰ, 30 ਸਤੰਬਰ | ਪੰਜਾਬ ਵਿਚ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਬਟਾਲਾ-ਕਾਦੀਆਂ ਵਿਖੇ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਬਟਾਲਾ ਤੋਂ ਕਾਦੀਆਂ ਰੋਡ ‘ਤੇ ਪੈਂਦੇ ਪਿੰਡ ਸ਼ਾਹਬਾਦ ਨੇੜੇ ਇਕ ਨਿੱਜੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਬੱਸ ਅੱਡੇ ਨਾਲ ਟਕਰਾ ਗਈ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਕਈਆਂ ਨੂੰ ਗੰਭੀਰ ਹਾਲਤ ‘ਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਬਾਕੀ ਲੋਕ ਬਟਾਲਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਹਨ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਇਹ ਹਾਦਸਾ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ। ਬੱਸ ਬਟਾਲਾ ਤੋਂ ਮੋਹਾਲੀ ਜਾ ਰਹੀ ਸੀ। ਉਕਤ ਦਰਦਨਾਕ ਹਾਦਸੇ ਦੌਰਾਨ ਸਵਾਰੀਆਂ ਵਿਚ ਰੌਲਾ ਪੈ ਗਿਆ।
ਇਸ ਭਿਆਨਕ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲੋਕਾਂ ਦੀ ਮਦਦ ਕਰਨ ‘ਚ ਲੱਗੀ ਹੋਈ ਹੈ। ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ।