ਚੰਡੀਗੜ੍ਹ, 26 ਸਤੰਬਰ | ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੁਆਰਾ ਗੁਣਵੱਤਾ ਜਾਂਚ ਵਿਚ 53 ਦਵਾਈਆਂ ਫੇਲ ਹੋਈਆਂ ਹਨ। ਇਨ੍ਹਾਂ ਵਿਚ ਬੀਪੀ, ਸ਼ੂਗਰ ਅਤੇ ਵਿਟਾਮਿਨਾਂ ਸਮੇਤ ਪੈਰਾਸੀਟਾਮੋਲ ਦੀਆਂ ਕੁਝ ਦਵਾਈਆਂ ਵੀ ਸ਼ਾਮਲ ਹਨ। ਇਸ ਲਈ ਜੇਕਰ ਤੁਸੀਂ ਵੀ ਬੁਖਾਰ ਹੋਣ ‘ਤੇ ਪੈਰਾਸੀਟਾਮੋਲ ਲੈਂਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜਿਹੜੀਆਂ ਦਵਾਈਆਂ ਗੁਣਵੱਤਾ ਦੀ ਜਾਂਚ ਵਿਚ ਫੇਲ ਹੋ ਗਈਆਂ ਹਨ, ਉਹ ਦੇਸ਼ ਦੀਆਂ ਕਈ ਵੱਡੀਆਂ ਦਵਾਈਆਂ ਦੀਆਂ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ।
ਸੀਡੀਐਸਸੀਓ ਵੱਲੋਂ ਟੈਸਟ ਵਿਚ 53 ਦਵਾਈਆਂ ਫੇਲ ਹੋਈਆਂ ਹਨ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਦਵਾਈਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ‘ਚ 48 ਦਵਾਈਆਂ ਸ਼ਾਮਲ ਕੀਤੀਆਂ ਗਈਆਂ ਹਨ ਕਿਉਂਕਿ ਟੈਸਟ ‘ਚ ਫੇਲ ਹੋਈਆਂ 5 ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀਆਂ ਦਵਾਈਆਂ ਨਹੀਂ ਹਨ ਸਗੋਂ ਉਨ੍ਹਾਂ ਦੇ ਨਾਂ ‘ਤੇ ਬਾਜ਼ਾਰ ‘ਚ ਨਕਲੀ ਦਵਾਈਆਂ ਵੇਚੀਆਂ ਜਾ ਰਹੀਆਂ ਹਨ। ਗੁਣਵੱਤਾ ਜਾਂਚ ਵਿਚ ਫੇਲ ਹੋਣ ਵਾਲੀਆਂ ਦਵਾਈਆਂ ਵਿਚ ਦਰਦ ਨਿਵਾਰਕ, ਬੁਖਾਰ, ਐਂਟੀਫੰਗਲ, ਵਿਟਾਮਿਨ, ਹਾਈ ਬੀਪੀ, ਸ਼ੂਗਰ ਆਦਿ ਦੀਆਂ ਦਵਾਈਆਂ ਸ਼ਾਮਲ ਹਨ। ਲੋਕਾਂ ਨੂੰ ਸਰਕਾਰ ਵੱਲੋਂ ਇਨ੍ਹਾਂ ਦਵਾਈਆਂ ਦੀ ਥਾਂ ਹੋਰ ਦਵਾਈਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਹੇਠ ਲਿਖੀਆਂ ਦਵਾਈਆਂ ਦੀ ਸੂਚੀ ਦਿੱਤੀ ਗਈ ਹੈ ਜੋ ਗੁਣਵੱਤਾ ਜਾਂਚ ਵਿਚ ਅਸਫਲ ਰਹੀਆਂ ਹਨ।