ਜਲੰਧਰ: ਜਲੰਧਰ ਪਾਵਰਕਾਮ ਨੇ ਵੱਡੀ ਕਾਰਵਾਈ ਕੀਤੀ ਹੈ। ਜਲੰਧਰ ‘ਚ ਕਾਂਗਰਸ ਭਵਨ ਦੀ ਬੱਤੀ ਗੁੱਲ ਹੋ ਗਈ।। ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਪਾਵਰਕਾਮ ਨੇ ਮੰਗਲਵਾਰ ਨੂੰ ਕਾਂਗਰਸ ਭਵਨ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਕਾਂਗਰਸ ਭਵਨ ਵਿੱਚ ਦੋ ਬਿਜਲੀ ਕੁਨੈਕਸ਼ਨ ਹਨ। ਇੱਕ ਕੁਨੈਕਸ਼ਨ ਸ਼ਹਿਰੀ ਇਕਾਈਆਂ ਲਈ ਅਤੇ ਇੱਕ ਪੇਂਡੂ ਇਕਾਈਆਂ ਲਈ ਹੈ। ਦੋਵਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਦੀ ਸੂਚਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਇਮਾਰਤ ‘ਤੇ ਕਰੀਬ ਚਾਰ ਲੱਖ ਰੁਪਏ ਦਾ ਬਿੱਲ ਬਕਾਇਆ ਹੈ। ਪਾਵਰਕਾਮ ਪਿਛਲੇ ਕਈ ਮਹੀਨਿਆਂ ਤੋਂ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਕਰ ਰਿਹਾ ਹੈ। ਕਾਂਗਰਸ ਪੰਜ ਸਾਲ ਸੱਤਾ ਵਿੱਚ ਰਹੀ ਅਤੇ ਇਸ ਕਾਰਨ ਕਾਰਵਾਈ ਨਹੀਂ ਹੋ ਸਕੀ। ਜੇਕਰ ਹੁਣ ਬਿਜਲੀ ਨਾ ਆਈ ਤਾਂ ਮੁਸ਼ਕਿਲ ਹੋ ਜਾਣੀ ਹੈ।
ਪਾਵਰਕਾਮ ਦੇ ਅਧਿਕਾਰੀ ਲਗਾਤਾਰ ਕਾਂਗਰਸ ਭਵਨ ਦੇ ਸੰਚਾਲਕਾਂ ਨੂੰ ਬਿੱਲ ਅਦਾ ਕਰਨ ਦੀਆਂ ਹਦਾਇਤਾਂ ਕਰ ਰਹੇ ਸਨ ਪਰ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਪਾਵਰਕਾਮ ਨੇ ਇਸ ਮਗਰੋਂ ਕਾਰਵਾਈ ਕਰਦਿਆਂ ਮੰਗਲਵਾਰ ਦੁਪਹਿਰ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਇੱਕ ਹਫ਼ਤਾ ਪਹਿਲਾਂ ਵੀ ਪਾਵਰਕਾਮ ਦੀ ਟੀਮ ਬਿਜਲੀ ਕੁਨੈਕਸ਼ਨ ਕੱਟਣ ਗਈ ਸੀ ਪਰ ਉਦੋਂ ਕਾਂਗਰਸੀ ਆਗੂਆਂ ਨੇ ਬਿੱਲ ਜਮ੍ਹਾਂ ਕਰਵਾਉਣ ਲਈ ਸਮਾਂ ਮੰਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਠਾਕੁਰ ਨੇ ਵੀ ਬਿੱਲ ਦੇਣ ਲਈ ਕੁਝ ਕਾਂਗਰਸੀ ਆਗੂਆਂ ਨਾਲ ਸੰਪਰਕ ਕੀਤਾ ਸੀ ਪਰ ਫੰਡ ਨਾ ਮਿਲਣ ਕਾਰਨ ਬਿੱਲ ਜਮ੍ਹਾਂ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਭਵਨ ਦਾ ਬਿਜਲੀ ਬਿੱਲ ਨਾ ਭਰਨ ਕਾਰਨ ਕੁਨੈਕਸ਼ਨ ਕੱਟੇ ਜਾਣ ਦਾ ਖਤਰਾ ਬਣਿਆ ਹੋਇਆ ਸੀ।