ਬਠਿੰਡਾ : ਐਂਬੂਲੈਂਸ ਦੀ ਆੜ ‘ਚ ਦੇਣ ਜਾ ਰਹੇ ਸਨ ਵਾਰਦਾਤ ਨੂੰ ਅੰਜਾਮ, ਅਸਲੇ ਸਣੇ 10 ਜਣੇ ਦਬੋਚੇ

0
1132

ਬਠਿੰਡਾ : ਸਬ ਡਿਵੀਜ਼ਨ ਤਲਵੰਡੀ ਸਾਬੋ ਦੀ ਪੁਲਿਸ ਨੇ ਮਾਰੂ ਹਥਿਆਰਾਂ ਸਮੇਤ 10 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਇਹ ਬਦਮਾਸ਼ ਐਂਬੂਲੈਂਸ ਵਿਚ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ। ਪੁਲਿਸ ਨੇ ਮੁਸਤੈਦੀ ਨਾਲ ਇਨ੍ਹਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਮਾਜ ਸੇਵੀ ਸੰਸਥਾ ਵੱਲੋਂ ਮੁਹੱਈਆ ਕਰਵਾਈ ਗਈ ਐਂਬੂਲੈਂਸ ਲੋਕਾਂ ਦੇ ਔਖੇ ਸਮੇਂ ਵਿਚ ਮਦਦਗਾਰ ਸਾਬਿਤ ਹੁੰਦੀ ਹੈ ਪਰ ਐਂਬੂਲੈਂਸ ਦੀ ਆੜ ਵਿਚ ਅਕਸਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਅਜਿਹਾ ਹੀ ਮਾਮਲਾ ਤਲਵੰਡੀ ਸਾਬੋ ਵਿਚ ਸਾਹਮਣੇ ਆਇਆ ਹੈ। ਸਬ ਡਿਵੀਜ਼ਨ ਤਲਵੰਡੀ ਸਾਬੋ ਪੁਲਿਸ ਅੜਿੱਕੇ ਚੜ੍ਹੇ 10 ਬਦਮਾਸ਼ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦਾ ਮੌਕਾ ਭਾਲ ਰਹੇ ਸਨ।  ਤਲਵੰਡੀ ਸਾਬੋ ਦੀ ਸੀਂਗੋ ਚੌਕੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਸੀਂਗੋ ਦੇ ਸੂਰਤੀਆਂ ਪੈਲੇਸ ਨੇੜੇ ਬੰਦ ਪਏ ਢਾਬੇ ਦੇ ਪਿਛੇ ਕੁੱਝ ਲੋਕ ਐਂਬੂਲੈਂਸ ਵਿਚ ਮਾਰੂ ਹਥਿਆਰਾਂ ਸਮੇਤ ਲੈਸ ਹਨ ਤੇ ਇਲਾਕੇ ‘ਚ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।

ਇਸ ਸੂਚਨਾ ਮਗਰੋਂ ਚੌਂਕੀ ਪੁਲਿਸ ਪਾਰਟੀ ਨੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਉਤੇ ਮੌਕੇ ਉਪਰ ਛਾਪੇਮਾਰੀ ਕੀਤੀ। ਪੁਲਿਸ ਨੇ ਐਂਬੂਲੈਂਸ ਵਿਚ ਬੈਠੇ 10 ਬਦਮਾਸ਼ਾਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਤੋਂ ਪੁਲਿਸ ਨੇ ਡਾਗਾਂ, ਸੋਟੀਆਂ, ਕੁਹਾੜੀਆਂ ਅਤੇ ਬੇਸਬਾਲ ਆਦਿ ਮਾਰੂ ਹਥਿਆਰ ਬਰਾਮਦ ਹੋਏ।

ਪੁਲਿਸ ਨੇ ਹਥਿਆਰ ਆਪਣੇ ਕਬਜ਼ੇ ਵਿਚ ਲੈ ਲਏ ਤੇ ਕਥਿਤ ਮੁਲਜ਼ਮਾਂ ਨੂੰ ਮੌਕੇ ਉਪਰ ਕਾਬੂ ਕਰ ਲਿਆ। ਪੁਲਿਸ ਦੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਥਿਤ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।