ਬਠਿੰਡਾ। ਜ਼ਿਲ੍ਹਾ ਬਠਿੰਡਾ ਦੀ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ‘ਚ ਅੱਜ ਸਵੇਰੇ ਇਕ ਸ਼ਖਸ ਨੇ ਨਸ਼ੇ ‘ਚ ਧੁੱਤ ਹੋ ਕੇ ਆਪਣੀ ਪਤਨੀ ਅਤੇ ਬੇਟੀ ਨੂੰ ਤੇਜਧਾਰ ਹਥਿਆਰ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸ਼ਰਾਬ ਨਾਲ ਰੱਜੇ ਪਿਤਾ ਤੋਂ ਪੁੱਤ ਨੇ ਭੱਜ ਕੇ ਆਪਣੀ ਜਾਨ ਬਚਾਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਜਸਵੀਰ ਕੌਰ (ਪਤਨੀ) ਅਤੇ ਛੇ ਸਾਲਾ ਸੁਖਪ੍ਰੀਤ ਕੌਰ (ਬੇਟੀ) ਵਜੋਂ ਹੋਈ ਹੈ। ਇਸ ਵਾਰਦਾਤ ਮਗਰੋਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕਿ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਜਾਣਕਾਰੀ ਮੁਤਾਬਿਕ ਮੁਲਜ਼ਮ ਸ਼ਰਾਬ ਦਾ ਆਦੀ ਹੈ ਅਤੇ ਅੱਜ ਸਵੇਰੇ ਉਸਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਦੋਵਾਂ ਦਾ ਕਤਲ ਕਰ ਦਿੱਤਾ।
ਮੁਲਜ਼ਮ ਅਮਰਜੀਤ ਸਿੰਘ ਆਪਣੇ ਪਰਿਵਾਰ ਨਾਲ ਪਿੰਡ ਤਿਉਣਾ ਵਿੱਚ ਰਹਿੰਦਾ ਸੀ ਪਰ ਉਸਨੇ ਸ਼ਰਾਬ ਦੇ ਨਸ਼ੇ ‘ਚ ਆਪਣਾ ਹੀ ਘਰ ਉਜਾੜ ਲਿਆ। ਅੱਜ ਸਵੇਰ ਸਮੇਂ ਮੁਲਜ਼ਮ ਦੀ ਪਤਨੀ ਜਸਵੀਰ ਕੌਰ ਸਵੇਰੇ 7 ਵਜੇ ਆਪਣੇ ਘਰ ਕੱਪੜੇ ਧੋ ਰਹੀ ਸੀ ਤੇ ਉਸਦੇ ਕੋਲ ਉਸਦੀ ਬੇਟੀ ਸਕੂਲ ਜਾਣ ਲਈ ਤਿਆਰ ਖੜ੍ਹੀ ਸੀ। ਇਸ ਦੌਰਾਨ ਮੁਲਜ਼ਮ ਨੇ ਦੋਨਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸਦੀ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸਦੀ ਬੇਟੀ ਨੇ ਹਸਪਤਾਲ ਪਹੁੰਚਦੇ ਸਮੇਂ ਦਮ ਤੋੜ ਦਿੱਤਾ।
ਪੁਲਿਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ। ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ ਹੈ।