ਬਠਿੰਡਾ : ਬੈਰਕਾਂ ‘ਚ ਟੀਵੀ ਲਗਵਾਉਣ ‘ਤੇ ਫਿਰ ਅੜੇ ਕੈਦੀ, ਕਿਹਾ- ਹੁਣ ਤਾਂ ਮੰਗਾਂ ਪੂਰੀਆਂ ਹੋਣ ‘ਤੇ ਹੀ ਭੁੱਖ ਹੜਤਾਲ ਖਤਮ ਹੋਊ

0
572

ਬਠਿੰਡਾ| ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀ ਇੱਕ ਵਾਰ ਫਿਰ ਭੁੱਖ ਹੜਤਾਲ ’ਤੇ ਬੈਠ ਗਏ ਹਨ। ਉਨ੍ਹਾਂ ਵੱਲੋਂ ਬੈਰਕ ਵਿੱਚ ਟੈਲੀਵਿਜ਼ਨ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 11 ਮਈ ਨੂੰ ਕੈਦੀਆਂ ਨੇ 4 ਦਿਨਾਂ ਤੱਕ ਚੱਲੀ ਹੜਤਾਲ ਖਤਮ ਕਰ ਦਿੱਤੀ ਸੀ। ਉਸ ਸਮੇਂ ਏਡੀਸੀ ਨੇ ਖ਼ੁਦ ਆ ਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਸਰਕਾਰ ਨਾਲ ਗੱਲ ਕਰਕੇ ਜਲਦੀ ਤੋਂ ਜਲਦੀ ਬੈਰਕਾਂ ਵਿੱਚ ਟੀਵੀ ਲਗਵਾਉਣ ਦਾ ਭਰੋਸਾ ਦਿੱਤਾ ਸੀ ਪਰ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਕੈਦੀਆਂ ਨੇ ਮੁੜ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ ਕੈਦੀਆਂ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਉਹ ਉਦੋਂ ਤਕ ਪਿੱਛੇ ਨਹੀਂ ਹਟਣਗੇ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਦੂਜੇ ਪਾਸੇ ਕੈਦੀਆਂ ਦੀ ਭੁੱਖ ਹੜਤਾਲ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਡਾਕਟਰਾਂ ਦੀ ਵਿਸ਼ੇਸ਼ ਟੀਮ ਜੇਲ੍ਹ ਭੇਜੀ ਹੈ ਤਾਂ ਜੋ ਹੜਤਾਲ ਕਾਰਨ ਜੇਕਰ ਕਿਸੇ ਕੈਦੀ ਦੀ ਹਾਲਤ ਵਿਗੜ ਜਾਂਦੀ ਹੈ ਤਾਂ ਉਸ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ।

ਦੂਜੇ ਪਾਸੇ ਕੈਦੀਆਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਜੇਲ੍ਹ ਪ੍ਰਸ਼ਾਸਨ ਨੂੰ ਕਈ ਵਾਰ ਬੈਰਕਾਂ ਵਿੱਚ ਟੀਵੀ ਲਗਾਉਣ ਲਈ ਕਿਹਾ, ਪਰ ਉਨ੍ਹਾਂ ਨੇ ਇੱਕ ਨਾ ਸੁਣੀ ਅਤੇ ਸਾਡੀ ਮੰਗ ਨੂੰ ਉਪਰ ਤੱਕ ਨਹੀਂ ਪਹੁੰਚਾਇਆ।