ਬਠਿੰਡਾ : ਤਲਾਸ਼ੀ ਲੈਣ ਗਏ ਜੇਲ੍ਹ ਅਧਿਕਾਰੀਆਂ ਨੂੰ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

0
1192

ਬਠਿੰਡਾ | ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਜੇਲ੍ਹ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਥਾਣਾ ਕੈਂਟ ਦੀ ਪੁਲਿਸ ਨੇ ਜੇਲ੍ਹ ਅਧਿਕਾਰੀ ਨਵਦੀਪ ਸਿੰਘ ਦੇ ਬਿਆਨਾਂ ’ਤੇ ਗੈਂਗਸਟਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਜੇਲ੍ਹ ਅਧਿਕਾਰੀ ਨਵਦੀਪ ਸਿੰਘ ਨੇ ਦੱਸਿਆ ਕਿ 23 ਅਗਸਤ ਨੂੰ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੈਂਗਸਟਰ ਸੁਖਪ੍ਰੀਤ ਨੇ ਆਪਣੀ ਤਲਾਸ਼ੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਉਕਤ ਗੈਂਗਸਟਰ ਨੇ ਜੇਲ੍ਹ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਗੈਂਗਸਟਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਨਾਲ ਸਬੰਧਤ ਸੂਤਰ ਦੱਸਦੇ ਹਨ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਗੈਂਗਸਟਰ ਨੇ ਜੇਲ੍ਹ ਵਿੱਚ ਤਾਇਨਾਤ ਇੱਕ ਅਧਿਕਾਰੀ ਨੂੰ ਧਮਕੀ ਦਿੱਤੀ ਸੀ। ਪਰ ਕਿਸੇ ਵੀ ਅਧਿਕਾਰੀ ਨੇ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਧਮਕੀਆਂ ਦੇਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੂਬੇ ਵਿੱਚ ਇੱਕ ਵਾਰ ਫਿਰ ਗੈਂਗਵਾਰ ਵਧ ਗਈ ਹੈ। ਇਸ ਨਾਲ ਨਜਿੱਠਣਾ ਸਰਕਾਰ ਅਤੇ ਪੁਲਿਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

ਬਠਿੰਡਾ ਕੇਂਦਰੀ ਜੇਲ੍ਹ ਵਿੱਚ ਕਰੀਬ 50 ਗੈਂਗਸਟਰ ਬੰਦ ਹਨ, ਜਿਨ੍ਹਾਂ ਵਿੱਚੋਂ ਕਈ ਏ ਸ਼੍ਰੇਣੀ ਦੇ ਗੈਂਗਸਟਰ ਹਨ। ਉਨ੍ਹਾਂ ਨੂੰ ਹਾਈ ਸਕਿਓਰਿਟੀ ਸੈੱਲ ‘ਚ ਰੱਖਿਆ ਗਿਆ ਹੈ। ਜੇਲ੍ਹ ਦੀ ਸੁਰੱਖਿਆ ਵਿੱਚ ਪਹਿਲਾਂ ਤੋਂ ਤਾਇਨਾਤ ਸੀਆਰਪੀਐਫ ਦੇ ਜਵਾਨਾਂ ਨੂੰ ਹੁਣ ਗੈਂਗਸਟਰਾਂ ਦੇ ਸਪੈਸ਼ਲ ਸੈੱਲ ਨੇੜੇ ਤਾਇਨਾਤ ਕਰ ਦਿੱਤਾ ਗਿਆ ਹੈ। ਗੈਂਗਸਟਰਾਂ ‘ਤੇ 24 ਘੰਟੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਈ ਸਾਲ ਪਹਿਲਾਂ ਬਠਿੰਡਾ ਜੇਲ੍ਹ ਵਿੱਚ ਗੈਂਗਸਟਰ ਕੁਲਵੀਰ ਨਰੂਆਣਾ ਨੇ ਪਿਸਤੌਲ ਲੈ ਕੇ ਆਪਣੇ ਵਿਰੋਧੀ ਗੈਂਗਸਟਰ ਮਾਨ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।