ਬਠਿੰਡਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਠਿੰਡਾ ‘ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਉਹ ਗ੍ਰੀਨ ਸਿਟੀ ਰੋਡ ‘ਤੇ ਪਾਰਕ ਵਿਚ ਮ੍ਰਿਤ ਮਿਲਿਆ, ਜਿਸ ਨੂੰ ਸਮਾਜ ਸੇਵੀ ਸੰਸਥਾ ਦੇ ਵਲੰਟੀਅਰਾਂ ਨੇ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਨੌਜਵਾਨ ਦਾ 8 ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਪਰਿਵਾਰ ਦਾ ਇਕਲੌਤਾ ਪੁੱਤ ਸੀ। ਪੁੱਤ ਦੀ ਮੌਤ ਤੋਂ ਬਾਅਦ ਦੋਵਾਂ ਪਰਿਵਾਰਾਂ ‘ਚ ਸੋਗ ਦੀ ਲਹਿਰ ਹੈ।
ਬਲਰਾਮ ਨਗਰ ਦੇ ਰਹਿਣ ਵਾਲੇ 33 ਸਾਲਾ ਜਸਪਾਲ ਸਿੰਘ ਦਾ 8 ਦਿਨ ਪਹਿਲਾਂ ਵਿਆਹ ਹੋਇਆ ਸੀ। ਰਾਹਗੀਰਾਂ ਨੇ ਅੱਜ ਜਸਪਾਲ ਨੂੰ ਪਾਰਕ ਵਿਚ ਮੂਧੇ-ਮੂੰਹ ਹੇਠਾਂ ਪਿਆ ਦੇਖਿਆ, ਜਿਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਸਹਾਰਾ ਜਨਸੇਵਾ ਦੇ ਕੰਟਰੋਲ ਰੂਮ ਵਿਚ ਵੀ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਸਹਾਰਾ ਜਨਸੇਵਾ ਦੇ ਵਲੰਟੀਅਰ ਸੰਦੀਪ ਗਿੱਲ ਨੇ ਐਂਬੂਲੈਂਸ ਦੀ ਮਦਦ ਨਾਲ ਜਸਪਾਲ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।
ਨਸ਼ੇ ਦੀ ਮਾੜੀ ਲਤ ਕਾਰਨ ਉਸ ਨੂੰ ਪਰਿਵਾਰ ਦੀ ਤਰਫੋਂ ਕਈ ਵਾਰ ਨਸ਼ਾ-ਛੁਡਾਊ ਕੇਂਦਰ ਵਿਚ ਦਾਖਲ ਵੀ ਕਰਵਾਇਆ ਗਿਆ ਪਰ ਗਲਤ ਸੰਗਤ ਕਰਕੇ ਉਹ ਨਸ਼ਾ ਛੱਡ ਨਹੀਂ ਸਕਿਆ। ਹੌਲੀ-ਹੌਲੀ ਉਸ ਦਾ ਨਸ਼ਾ ਵਧਦਾ ਗਿਆ, ਅੱਜ ਜੋ ਉਸਦੀ ਮੌਤ ਦਾ ਕਾਰਨ ਬਣਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਚਿੱਟੇ ਦਾ ਨਸ਼ਾ ਕਰਦਾ ਸੀ। ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ ਹੈ।