ਬਠਿੰਡਾ : AK-47 ਨਾਲ ਕਿਸਾਨ ਦੇ ਘਰ ਦੋ ਵਰਦੀਧਾਰੀਆਂ ਸਣੇ ਵੜੇ 6 ਬੰਦੇ, ਪਰਿਵਾਰ ਨੇ ਵੀ ਹਥਿਆਰ ਚੁੱਕੇ ਤਾਂ ਭੱਜ ਗਏ, ਘਟਨਾ ਸੀਸੀਟੀਵੀ ‘ਚ ਕੈਦ

0
765

ਬਠਿੰਡਾ : ਬਠਿੰਡਾ ਦੇ ਪਿੰਡ ਭੁੱਚੋ ਕਲਾਂ ਵਿੱਚ ਰਾਤ ਸਮੇਂ ਹਥਿਆਰਾਂ ਨਾਲ ਲੈਸ ਛੇ ਵਿਅਕਤੀ ਇੱਕ ਕਿਸਾਨ ਦੇ ਘਰ ਵਿੱਚ ਵੜ ਗਏ। ਜਦੋਂ ਕਿਸਾਨ ਪਰਿਵਾਰ ਨੇ ਬਚਾਅ ਲਈ ਹਥਿਆਰ ਚੁੱਕੇ ਤਾਂ ਉਹ ਸਵਿਫਟ ਕਾਰ ਵਿੱਚ ਫਰਾਰ ਹੋ ਗਏ। ਛੇ ਦਿਨ ਬੀਤ ਜਾਣ ਉਤੇ ਵੀ ਥਾਣਾ ਕੈਂਟ ਪੁਲਿਸ ਨੇ ਬਿੰਦਰ ਸਿੰਘ ਪੁੱਤਰ ਸੰਤ ਸਿੰਘ ਦੇ ਬਿਆਨਾਂ ਉਤੇ ਕੋਈ ਕੇਸ ਦਰਜ ਨਹੀਂ ਕੀਤਾ ਹੈ। ਐਸਐਸਪੀ ਜੇ ਐਲੇਨਚੇਲੀਅਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੂਤਰ ਅਨੁਸਾਰ ਪਿੰਡ ਭੁੱਚੋ ਕਲਾਂ ਦਾ ਕਿਸਾਨ ਬਿੰਦਰ ਸਿੰਘ 11 ਨਵੰਬਰ ਨੂੰ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੀ। ਰਾਤ ਕਰੀਬ 10.10 ਵਜੇ ਇਕ ਕਾਰ ਉਨ੍ਹਾਂ ਦੇ ਉਸਾਰੀ ਅਧੀਨ ਘਰ ਦੇ ਬਾਹਰ ਆ ਕੇ ਰੁਕੀ। ਦੋ ਵਰਦੀਧਾਰੀਆਂ ਸਮੇਤ ਛੇ ਵਿਅਕਤੀ ਕਾਰ ਤੋਂ ਹੇਠਾਂ ਉਤਰ ਕੇ ਘਰ ਵਿਚ ਵੜ ਗਏ। ਇਨ੍ਹਾਂ ਵਿੱਚੋਂ ਇਕ ਕੋਲ ਏਕੇ-47 ਅਤੇ ਦੂਜੇ ਕੋਲ ਰਿਵਾਲਵਰ ਸੀ। ਘਰ ਵਿਚ ਵੜਨ ਤੋਂ ਪਹਿਲਾਂ ਸਾਰਿਆਂ ਨੇ ਘਰ ਦੀ ਕੰਧ ਦੇ ਉੱਪਰੋਂ ਅੰਦਰ ਤੱਕਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਛੇ ਹਥਿਆਰਬੰਦ ਵਿਅਕਤੀਆਂ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਸੁਰੱਖਿਆ ਲਈ ਹਥਿਆਰ ਚੁੱਕ ਲਏ। ਇਸ ਤੋਂ ਬਾਅਦ ਸਾਰੇ ਲੋਕ ਬਾਹਰ ਭੱਜੇ ਤੇ ਕਾਰ ਵਿਚ ਫ਼ਰਾਰ ਹੋ ਗਏ। ਇਨ੍ਹਾਂ ਲੋਕਾਂ ਦੇ ਘਰੋਂ ਬਾਹਰ ਨਿਕਲਣ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਦੀ ਵਰਦੀ ‘ਚ ਇਕ ਵਿਅਕਤੀ ਦੇ ਕਮਰ ਵਿੱਚ ਰਿਵਾਲਵਰ ਲਟਕਿਆ ਹੋਇਆ ਹੈ ਜਦੋਂਕਿ ਦੂਜੇ ਦੀ ਵਰਦੀ ਵਿੱਚ ਇਕ ਏਕੇ-47 ਹੈ। ਸਿਵਲ ਡਰੈੱਸ ‘ਚ ਇਕ ਵਿਅਕਤੀ ਵੀ ਹਥਿਆਰ ਲੈ ਕੇ ਨਜ਼ਰ ਆ ਰਿਹਾ ਹੈ। 
ਘਟਨਾ ਤੋਂ ਬਾਅਦ ਬਿੰਦਰ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਕੈਂਟ ਦੇ ਐਸਐਚਓ ਪਾਰਸ ਚਾਹਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਰਦੀ ਵਿੱਚ ਆਏ ਇਹ ਵਿਅਕਤੀ ਬਠਿੰਡਾ ਦੇ ਨਹੀਂ, ਕਿਸੇ ਹੋਰ ਜ਼ਿਲ੍ਹੇ ਦੇ ਹੋ ਸਕਦੇ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਐਸਐਸਪੀ ਜੇ ਐਲਨਚੇਲੀਅਨ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।