ਬਟਾਲਾ : ਲੁਟੇਰਿਆਂ ਨੇ ਹਸਪਤਾਲ ‘ਚ ਵੜ ਕੇ ਮਰੀਜ਼ਾਂ ਸਾਹਮਣੇ ਡਾਕਟਰ ਨੂੰ ਮਾਰੀ ਗੋਲ਼ੀ, ਜਾਂਦੇ ਹੋਏ ਡਾਕਟਰ ਦਾ ਪਿਸਤੌਲ ਵੀ ਲੈ ਗਏ

0
5963

ਗੁਰਦਾਸਪੁਰ, ਬਟਾਲਾ, 3 ਅਕਤਬੂਰ| ਦੇਰ ਸ਼ਾਮ ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਰੰਗੜ ਨੰਗਲ ਦੇ ਇਲਾਕੇ ਵਿੱਚ ਦੋ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਇੱਕ ਪ੍ਰਾਈਵੇਟ ਡਿਸਪੈਂਸਰੀ ਨੂੰ ਨਿਸ਼ਾਨਾ ਬਣਾਇਆ। ਬਾਈਕ ‘ਤੇ ਸਵਾਰ ਨਕਾਬਪੋਸ਼ ਲੁਟੇਰੇ ਡਿਸਪੈਂਸਰੀ ‘ਚ ਦਾਖਲ ਹੋਏ ਅਤੇ ਪਹਿਲਾਂ ਮਾਲਕ/ਡਾਕਟਰ ਸਰਬਜੀਤ ਸਿੰਘ ਨੂੰ ਧਮਕੀ ਦਿੱਤੀ। ਜਦੋਂ ਪੀੜਤ ਨੇ ਆਪਣਾ ਲਾਇਸੈਂਸੀ ਰਿਵਾਲਵਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ।

ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਲੁਟੇਰੇ ਉਸ ਦਾ ਲਾਇਸੈਂਸੀ ਰਿਵਾਲਵਰ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਜ਼ਖਮੀ ਹੋਏ ਡਿਸਪੈਂਸਰੀ ਮਾਲਕ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।

ਡਿਸਪੈਂਸਰੀ ਵਿੱਚ ਕਈ ਮਰੀਜ਼ ਸਨ

ਜ਼ਖ਼ਮੀ ਸਰਬਜੀਤ ਸਿੰਘ ਨੇ ਦੱਸਿਆ ਕਿ ਹਮਲਾਵਰ ਅਣਪਛਾਤੇ ਸਨ ਅਤੇ ਜਦੋਂ ਉਨ੍ਹਾਂ ਹਮਲਾ ਕੀਤਾ ਤਾਂ ਡਿਸਪੈਂਸਰੀ ਵਿੱਚ ਹੋਰ ਮਰੀਜ਼ ਵੀ ਮੌਜੂਦ ਸਨ। ਜੋ ਉੱਥੇ ਦਵਾਈ ਲੈਣ ਪਹੁੰਚੇ ਸਨ। ਪਰ ਜਿਵੇਂ ਹੀ ਉਹ ਅੰਦਰ ਆਇਆ ਤਾਂ ਨਕਾਬਪੋਸ਼ ਲੁਟੇਰਿਆਂ ਨੇ ਉਸਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧ ਕਰਨ ਉਤੇ ਲੁਟੇਰਿਆਂ ਨੇ ਡਾਕਟਰ ਦੇ ਗੋਲ਼ੀ ਮਾਰ ਦਿੱਤੀ।

ਪੁਲਿਸ ਨੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਮੌਕੇ ’ਤੇ ਪੁੱਜੇ ਏਐਸਆਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਡਿਸਪੈਂਸਰੀ ਵਿੱਚ ਦਾਖ਼ਲ ਹੋ ਕੇ ਡਿਸਪੈਂਸਰੀ ਮਾਲਕ ਨੂੰ ਗੋਲੀ ਮਾਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।