ਬਟਾਲਾ : ਜ਼ਿਲਾ ਬਟਾਲਾ ਦੇ ਨਿਊ ਸੰਤ ਨਗਰ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਇਕ ਨੌਜਵਾਨ ਦੀ ਲਾਸ਼ ਖੇਤਾਂ ਵਿਚ ਦਰੱਖਤ ਨਾਲ ਲਟਕਦੀ ਦੇਖੀ। ਲੋਕਾਂ ਨੇ ਤੁਰੰਤ ਪਹਿਚਾਣ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਮ੍ਰਿਤਕ ਨੌਜਵਾਨ ਬਚਿੱਤਰ ਸਿੰਘ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਨਸ਼ੇ ਦਾ ਆਦੀ ਵੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਿ੍ਤਕ ਦੇ ਭਰਾ ਜਗਦੀਸ਼ ਅਤੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਚਿੱਤਰ 22 ਸਾਲ ਦਾ ਸੀ, ਮਿ੍ਤਕ ਅਜੇ ਕੁਵਾਰਾ ਸੀ ਅਤੇ ਉਹ ਨਸ਼ੇ ਦਾ ਆਦੀ ਸੀ, ਉਹ ਰੋਜ਼ਾਨਾ ਹੀ ਹਰ ਤਰ੍ਹਾਂ ਦਾ ਨਸ਼ਾ ਕਰਦਾ ਸੀ ਤੇ ਬੀਤੀ ਰਾਤ ਵੀ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਘਰੋਂ ਇਹ ਕਹਿ ਕੇ ਬਾਹਰ ਨਿਕਲਿਆ ਕੇ ਕਿਸੇ ਦੀ ਬਰਥਡੇ ਪਾਰਟੀ ‘ਤੇ ਜਾ ਰਿਹਾ ਹਾਂ, ਜਲਦ ਵਾਪਸ ਆ ਜਾਵਾਂਗਾ। ਪਰ ਸਾਰੀ ਰਾਤ ਘਰ ਨਹੀਂ ਆਇਆ ਅਤੇ ਸਵੇਰੇ ਉਸਦੀ ਇਹ ਖਬਰ ਮਿਲੀ ਕੇ ਉਸਦੀ ਲਾਸ਼ ਖੇਤਾਂ ਵਿਚ ਦਰੱਖਤ ਨਾਲ ਲਟਕ ਰਹੀ ਹੈ ਪਿਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਤਿੰਨ ਪੁੱਤਰ ਹਨ ਜਿਹਨਾਂ ਵਿਚੋਂ ਵੱਡੇ ਪੁੱਤਰ ਨੇ ਵੀ ਫਾਹ ਲੈ ਕੇ ਮੌਤ ਨੂੰ ਗਲੇ ਲਗਾ ਲਿਆ ਅਤੇ ਹੁਣ ਦੂਸਰੇ ਨੇ ਵੀ ਫਾਹ ਲੈ ਕੇ ਮੌਤ ਨੂੰ ਗਲੇ ਲਗਾ ਲਿਆ।
ਓਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਵਲੋਂ ਲਾਸ਼ ਨੂੰ ਕਬਜ਼ੇ ‘ਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਬਟਾਲਾ ਭੇਜਿਆ ਗਿਆ। ਪਰਿਵਾਰ ਦੇ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।