ਬਟਾਲਾ, 27 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਿੰਡ ਔਲਖ ਕਲਾਂ ਦੇ ਇਕ ਬੰਦ ਪਏ ਘਰ ’ਚੋਂ 30 ਤੋਲੇ ਸੋਨਾ, ਖੇਤੀਬਾੜੀ ਦੇ ਸੰਦ, ਬਿਜਲੀ ਟਰਾਂਸਫਾਰਮਰ, ਮੋਟਰਾਂ, ਏਸੀ ਪੱਖੇ ਸਮੇਤ ਕਰੀਬ ਢਾਈ ਕਰੋੜ ਰੁਪਏ ਦਾ ਘਰੇਲੂ ਸਾਮਾਨ ਚੋਰਾਂ ਨੇ ਚੋਰੀ ਕਰ ਲਿਆ। ਘਰ ਦੀ ਮਾਲਕਣ ਗੁਰਦਰਸ਼ਨ ਕੌਰ ਅਤੇ ਉਨ੍ਹਾਂ ਦੇ ਪਤੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਔਲਖ ਕਲਾਂ ਦੇ ਰਹਿਣ ਵਾਲੇ ਹਨ ਤੇ ਕਿਸੇ ਮਾਮਲੇ ਸਬੰਧੀ ਉਹ ਆਪਣੇ ਰਿਸ਼ਤੇਦਾਰ ਕੋਲ ਰਹਿ ਰਹੇ ਸਨ ਤੇ ਕੱਲ ਜਦੋਂ ਉਹ ਘਰ ਪਹੁੰਚੇ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ, ਸਾਰਾ ਸਾਮਾਨ ਖਿੱਲਰਿਆ ਸੀ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਤੋਂ ਇਲਾਵਾ 3 ਸਬਮਰਸੀਬਲ ਮੋਟਰਾਂ, ਬਾਥਰੂਮ ਦੀਆਂ ਟੂਟੀਆਂ, ਗਰਿੱਲਾਂ, ਜੀਪ ਦੇ ਟਾਇਰ, ਇੰਜਣ ਚੋਰੀ ਕਰ ਲਿਆ। ਉਨ੍ਹਾਂ ਕਿਹਾ ਕਿ ਪੈਲੀ ’ਚ ਬੀਜੀ ਫ਼ਸਲ ਉਪਰ ਦਵਾਈ ਪਾ ਕੇ ਤਹਿਸ-ਨਹਿਸ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦਾ ਕਰੀਬ ਢਾਈ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਬਾਰੇ ਬਟਾਲਾ ਦੇ ਐੱਸਐੱਸਪੀ ਨੂੰ ਲਿਖਤੀ ਸ਼ਕਿਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਚੋਰੀ ਕਰਨ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।