ਬਟਾਲਾ| ਕਸਬਾ ਹਰਚੋਵਾਲ ਵਿਖੇ ਇਕ ਤੇਜ਼ ਰਫ਼ਤਾਰ ਟਰੱਕ ਹੇਠਾਂ ਆਉਣ ਨਾਲ ਔਰਤ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਹਰਚੋਵਾਲ ਦੇ ਇੰਚਾਰਜ ਏ.ਐੱਸ.ਆਈ ਸਰਵਣ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਪਤਨੀ ਹਰਜੀਤ ਸਿੰਘ ਵਾਸੀ ਕੀੜੀ ਅਫ਼ਗਾਨਾ ਆਪਣੀ ਮੋਪੇਡ ’ਤੇ ਸਵਾਰ ਹੋ ਕੇ ਆਪਣੇ ਘਰੋਂ ਹਰਚੋਵਾਲ ਵਿਖੇ ਕੋਈ ਘਰੇਲੂ ਸਾਮਾਨ ਲੈਣ ਲਈ ਬਾਜ਼ਾਰ ਆਈ ਸੀ ਕਿ ਇਸ ਦੌਰਾਨ ਕਾਲ ਬਣ ਕੇ ਆਏ ਇਕ ਤੇਜ਼ ਰਫ਼ਤਾਰ ਟਰੱਕ ਨੇ ਇਸ ਨੂੰ ਆਪਣੀ ਲਪੇਟ ਵਿਚ ਲੈ ਲੈਂਦਿਆਂ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਨਾਲ ਮਨਦੀਪ ਕੌਰ ਦੀ ਮੌਕੇ ’ਤੇ ਮੌਤ ਹੋ ਗਈ।
ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਇਸ ਬਾਰੇ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਜਿਥੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ, ਉਥੇ ਨਾਲ ਹੀ ਮ੍ਰਿਤਕਾ ਮਨਦੀਪ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਅਤੇ ਟਰੱਕ ਡਰਾਈਵਰ ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ, ਦੇ ਖ਼ਿਲਾਫ਼ ਧਾਰਾ 304-ਏ, 279 ਆਈ.ਪੀ.ਸੀ ਤਹਿਤ ਮ੍ਰਿਤਕਾ ਦੇ ਸਹੁਰੇ ਜਸਵੰਤ ਸਿੰਘ ਪੁੱਤਰ ਲੱਖਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਦਿੱਤਾ ਹੈ।