ਬਟਾਲਾ, 8 ਨਵੰਬਰ| ਬਟਾਲਾ ਦੇ ਨਜ਼ਦੀਕ ਅੱਡਾ ਸਰਵਾਲੀ ‘ਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਚਰਨਜੀਤ ਸਿੰਘ ਅਤੇ ਰਾਮ ਸ਼ਰਮਾ ਵਜੋਂ ਹੋਈ ਹੈ।
ਥਾਣਾ ਕਿਲਾ ਲਾਲ ਸਿੰਘ ਦੇ ਏ.ਐਸ.ਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਇਕ ਮ੍ਰਿਤਕ ਨੌਜਵਾਨ ਚਰਨਜੀਤ ਸਿੰਘ ਚੰਨ ਪੁੱਤਰ ਸੰਤੋਖ ਸਿੰਘ ਵਾਸੀ ਕਿਲਾ ਲਾਲ ਸਿੰਘ, ਜੋ ਅੱਡਾ ਦਲਮ ਵਿਖੇ ਦੁਕਾਨ ਕਰਦਾ ਸੀ, ਉਹ ਆਪਣੀ ਦੁਕਾਨ ਬੰਦ ਕਰਕੇ ਆ ਰਿਹਾ ਸੀ ਕਿ ਜਦ ਉਹ ਅੱਡਾ ਸਰਵਾਲੀ ਨੇੜੇ ਆਇਆ ਤਾਂ ਅੱਗੋਂ ਆ ਰਹੇ ਰਾਮ ਸ਼ਰਮਾ ਪੁੱਤਰ ਜਨਕ ਰਾਜ ਸ਼ਰਮਾ ਵਾਸੀ ਕੋਟਲੀ ਸੂਰਤ ਮੱਲੀ ਦੇ ਮੋਟਰਸਾਈਕਲ ਨਾਲ ਹਨੇਰਾ ਹੋਣ ਕਰਕੇ ਆਪਸੀ ਟੱਕਰ ਹੋ ਗਈ, ਜਿਸ ਵਿਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਹਾਦਸੇ ਵਿਚ ਮੋਟਰਸਾਈਕਲਾਂ ਪਿੱਛੇ ਬੈਠੇ ਕਾਰਤਿਕ ਪੁੱਤਰ ਸਨੀ, ਜੱਗ ਨੂਰ ਪੁੱਤਰ ਸ਼ਿੰਦਾ ਵਾਸੀ ਕੋਲੀ ਸੂਰਤਮੱਲੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਅੰਮ੍ਰਿਤਸਰ ਵਿਖੇ ਇਲਾਜ ਚੱਲ ਰਿਹਾ ਹੈ।