ਬਰਨਾਲਾ, 7 ਫਰਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਰਾਤ ਨੂੰ ਕਾਰ ਸਵਾਰ 2 ਨੌਜਵਾਨਾਂ ਦੀ ਡਿਵਾਈਡਰ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌ.ਤ ਹੋ ਗਈ ਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਪਿੰਡ ਭਗਤਾ ਕੋਠੇ ਭਾਈਆਣਾ ਜ਼ਿਲ੍ਹਾ (ਬਠਿੰਡਾ) ਦੇ 21 ਸਾਲ ਦੇ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਤੇ ਉਸ ਦਾ ਦੋਸਤ ਦੋਵੇਂ ਕਾਰ ਰਾਹੀਂ ਨਿਹਾਲ ਸਿੰਘ ਵਾਲਾ (ਮੋਗਾ) ਤੋਂ ਵਾਪਸ ਬਰਨਾਲਾ ਸਾਈਡ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਬਖਤਗੜ੍ਹ-ਮੱਲੀਆਂ ਟੋਲ ਪਲਾਜ਼ੇ ਕੋਲ ਪਹੁੰਚੇ ਤਾਂ ਹਨੇਰੇ ਕਾਰਨ ਮਾਰੂਤੀ ਕਾਰ ਕਿਸੇ ਚੀਜ਼ ਵਿਚ ਜਾ ਵੱਜੀ। ਇਸ ਹਾਦਸੇ ਵਿਚ ਕਾਰ ਚਾਲਕ ਅੰਮ੍ਰਿਤਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸਦਾ ਦੋਸਤ ਜਗਸੀਰ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।
ਅੰਮ੍ਰਿਤਪਾਲ ਸਿੰਘ ਆਪਣੀਆਂ 2 ਭੈਣਾਂ ਅਤੇ ਵਿਧਵਾ ਮਾਂ ਦਾ ਇਕਲੌਤਾ ਪੁੱਤ ਸੀ, ਜਿਸ ਨੇ 15 ਫਰਵਰੀ ਨੂੰ ਕੈਨੇਡਾ ਜਾਣਾ ਸੀ। ਇਸ ਸਬੰਧੀ ਪੁਲਿਸ ਚੌਕੀ ਪੱਖੋਂ ਕੈਂਚੀਆਂ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਦੂਜਾ ਨੌਜਵਾਨ ਜ਼ਖਮੀ ਹੈ।