ਇਨਕਾਊਂਟਰ ਤੋਂ ਬਾਅਦ ਪੁਲਿਸ ਨੇ ਹੌਲਦਾਰ ਦਰਸ਼ਨ ਸਿੰਘ ਦੇ 5 ਕਾਤਲ ਕੀਤੇ ਗ੍ਰਿਫਤਾਰ; 1 ਬਦਮਾਸ਼ ਜ਼ਖਮੀ

0
3757

ਬਰਨਾਲਾ, 23 ਅਕਤੂਬਰ | ਕੱਲ ਬਰਨਾਲਾ ਵਿਚ ਹੌਲਦਾਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਮੁੱਖ ਮੁਲਜ਼ਮ ਸਮੇਤ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਦੱਸ ਦਈਏ ਕਿ ਇਨਕਾਊਂਟਰ ਤੋਂ ਬਾਅਦ ਮੁਲਜ਼ਮ ਫੜੇ ਗਏ। 1 ਮੁਲਜ਼ਮ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ। ਪੁਲਿਸ 24 ਘੰਟਿਆਂ ਵਿਚ ਹੀ ਕਾਤਲਾਂ ਤਕ ਪਹੁੰਚ ਗਈ ਹੈ। ਮੁੱਖ ਮੁਲਜ਼ਮ ਪਰਮਜੀਤ ਪੰਮਾ ਦੇ ਪੈਰ ਵਿਚ ਗੋਲੀ ਲੱਗੀ ਹੈ।

ਦੱਸ ਦਈਏ ਕਿ ਸ਼ਹਿਰ ਵਿਚ ਇਕ ਚਿਕਨ ਕਾਰਨਰ ’ਤੇ ਹੋਏ ਝਗੜੇ ਦੌਰਾਨ ਕਬੱਡੀ ਖਿਡਾਰੀਆਂ ਵੱਲੋਂ ਪੁਲਿਸ ਕਰਮਚਾਰੀ ਹੌਲਦਾਰ ਦਰਸ਼ਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਰੈਸਟੋਰੈਂਟ ‘ਤੇ ਕਬੱਡੀ ਖਿਡਾਰੀਆਂ ਦੀ ਹੋਈ ਬਹਿਸ ਨੂੰ ਸੁਲਝਾਉਣ ਗਏ ਦਰਸ਼ਨ ਸਿੰਘ ਦਾ ਉਨ੍ਹਾਂ ਨਾਲ ਹੀ ਤਕਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਕਬੱਡੀ ਖਿਡਾਰੀਆਂ ਨੇ ਉਸਦਾ ਹੀ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਥਾਣਾ ਸਿਟੀ-1 ਵਿਖੇ ਤਫਤੀਸ਼ੀ ਅਧਿਕਾਰੀ ਦਰਸ਼ਨ ਸਿੰਘ ਮਿਲੀ ਸ਼ਿਕਾਇਤ ’ਤੇ ਮਾਮਲਾ ਸੁਲਝਾਉਣ ਉਥੇ ਪੁੱਜੇ ਸਨ।

ਮਾਮਲੇ ਦੀ ਜਾਂਚ ‘ਚ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਦੀ ਉਨ੍ਹਾਂ ਨਾਲ ਮੁਠਭੇੜ ਹੋ ਗਈ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿਚ ਇਕ ਦੋਸ਼ੀ ਨੂੰ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।