ਢਾਈ ਸਾਲ ਤੋਂ ਪੱਪਲਪ੍ਰੀਤ ਦੇ ਸੰਪਰਕ ‘ਚ ਸੀ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਬਲਜੀਤ ਕੌਰ

0
423

ਚੰਡੀਗੜ੍ਹ | ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਲਜੀਤ ਕੌਰ ਨਾਂ ਦੀ ਇਕ ਔਰਤ ਨੂੰ 19 ਮਾਰਚ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਹਿਯੋਗੀ ਪੱਪਲਪ੍ਰੀਤ ਸਿੰਘ ਨੂੰ ਉਸ ਦੇ ਘਰ ਵਿਚ ਪਨਾਹ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਔਰਤ ਨੇ ਖੁਲਾਸਾ ਕੀਤਾ ਕਿ ਪੱਪਲਪ੍ਰੀਤ ਪਿਛਲੇ ਢਾਈ ਸਾਲਾਂ ਤੋਂ ਉਸ ਦੇ ਸੰਪਰਕ ਵਿਚ ਸੀ।

22 ਮਾਰਚ ਨੂੰ ਮਹਿਲਾ ਦੇ ਭਰਾ ਨੇ ਡੀਸੀ ਦੇ ਸਾਹਮਣੇ ਅੰਮ੍ਰਿਤਪਾਲ ਦੇ ਸ਼ਾਹਬਾਦ ਵਿਚ ਰੁਕਣ ਦੀ ਗੱਲ ਸਵੀਕਾਰ ਕੀਤੀ ਸੀ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਉਸ ਤੋਂ ਪੁੱਛਗਿੱਛ ਵੀ ਕੀਤੀ। ਇਸ ਤੋਂ ਬਾਅਦ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸ ਦੇਈਏ ਕਿ ਐਮਬੀਏ ਗ੍ਰੈਜੂਏਟ ਬਲਜੀਤ ਕੌਰ ਸ਼ਾਹਬਾਦ ਦੇ ਪਿੰਡ ਮਾਮੂ ਮਾਜਰਾ ਦੀ ਰਹਿਣ ਵਾਲੀ ਹੈ। ਸ਼ਾਹਬਾਦ ਦੀ ਸਿਧਾਰਥ ਕਾਲੋਨੀ ਵਿਚ ਉਸ ਦੇ ਘਰ ਦਾ ਕੰਮ ਚੱਲ ਰਿਹਾ ਹੈ। ਫਿਲਹਾਲ ਇਸ ਘਰ ਵਿਚ ਕੋਈ ਨਹੀਂ ਰਹਿ ਰਿਹਾ ਸੀ।

ਬੀਤੇ ਕੱਲ ਪੁਲਿਸ ਨੇ ਅੰਮ੍ਰਿਤਪਾਲ ਦੇ ਇਕ ਸਾਥੀ ਗੁਰਭੇਜ ਸਿੰਘ ਨੂੰ ਕਾਬੂ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਅੰਮ੍ਰਿਤਪਾਲ ਸ਼ਾਹਬਾਦ ਵਿਚ ਬਲਜੀਤ ਕੌਰ ਦੇ ਘਰ ਲੁਕਿਆ ਹੋ ਸਕਦਾ ਹੈ। ਬਲਜੀਤ ਕੌਰ ਦਾ ਭਰਾ ਐਸਡੀਐਮ ਲਾਡਵਾ ਅਤੇ ਤਹਿਸੀਲਦਾਰ ਦਾ ਰੀਡਰ ਰਿਹਾ ਹੈ ਅਤੇ ਫਿਲਹਾਲ ਉਹ ਡੀਸੀ ਕੁਰੂਕਸ਼ੇਤਰ ਦਫ਼ਤਰ ਵਿਖੇ ਤਾਇਨਾਤ ਹੈ।