ਬਲਾਚੌਰ : ਕਾਰ ਤੇ ਕੰਬਾਇਨ ਦੀ ਭਿਆਨਕ ਟੱਕਰ, 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ

0
1323

ਬਲਾਚੌਰ | ਨਵਾਂਸ਼ਹਿਰ-ਚੰਡੀਗੜ੍ਹ ਰੋਡ ‘ਤੇ ਪਿੰਡ ਨਾਈ ਮਾਜਰਾ ਵਿਖੇ ਕਾਰ ਤੇ ਕੰਬਾਇਨ ਦੀ ਹੋਈ ਭਿਆਨਕ ਟੱਕਰ ‘ਚ ਪਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ।

ਜਾਣਕਾਰੀ ਅਨੁਸਾਰ ਕੰਬਾਇਨ ਨਵਾਂਸ਼ਹਿਰ ਵੱਲੋਂ ਬਲਾਚੌਰ ਵੱਲ ਜਾ ਰਹੀ ਸੀ, ਜਦੋਂ ਉਕਤ ਸਥਾਨ ‘ਤੇ ਪਹੁੰਚੀ ਤਾਂ ਉਨ੍ਹਾਂ ਦੀ ਕੰਬਾਇਨ ਨੂੰ ਕਾਰ ਨੰ. ਪੀ ਬੀ 07 ਵਾਈ 2107 ਜਿਸ ਨੂੰ ਰਛਪਾਲ ਸਿੰਘ ਵਾਸੀ ਢਾਲਾ ਕਲਾਂ ਚਲਾ ਰਿਹਾ ਸੀ, ਦੀ ਪਿੱਛੋਂ ਜ਼ਬਰਦਸਤ ਟੱਕਰ ਹੋ ਗਈ।

ਕੰਬਾਇਨ ਚਾਲਕ ਨੇ ਦੱਸਿਆ ਕਿ ਕਾਰ ਜਦੋਂ ਉਨ੍ਹਾਂ ਦੇ ਪਿੱਛੇ ਵੱਜੀ ਤਾਂ ਉਨ੍ਹਾਂ ਦੀ ਕੰਬਾਇਨ ਵੀ ਪਲਟੀ ਖਾਣ ਤੋਂ ਬਚੀ। ਟੱਕਰ ਹੋਣ ‘ਤੇ ਪਤੀ ਦੀ ਮੌਕੇ ‘ਤੇ ਹੀ ਮੌਤ ਗਈ ਤੇ ਉਸ ਨਾਲ ਬੈਠੀ ਉਸ ਦੀ ਪਤਨੀ ਪ੍ਰਵੀਨ ਕੌਰ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਨੂੰ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਲੜਕੀ ਦੇ ਪਿਤਾ ਨੇ ਦੱਸਿਆ ਕਿ ਰਛਪਾਲ ਸਿੰਘ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਅੱਜ ਉਹ ਦੋਵੇਂ ਉਨ੍ਹਾਂ ਦੇ ਪਿੰਡ ਤਾਜੋਵਾਲ ਬੇਟ ਵਿਖੇ ਮਿਲਣ ਆ ਰਹੇ ਸਨ, ਜਦੋਂ ਉਹ ਇਸ ਥਾਂ ‘ਤੇ ਪਹੁੰਚੇ ਤਾਂ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।

ਮੌਕੇ ‘ਤੇ ਪਹੁੰਚੇ ਜਾਡਲਾ ਪੁਲਿਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।