ਬਹਾਦਰਗੜ੍ਹ : ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਪਿਓ-ਧੀ ਨੇ ਖਾਧਾ ਜ਼ਹਿਰ, ਦੋਵਾਂ ਦੀ ਹੋਈ ਮੌਤ

0
372

ਬਹਾਦਰਗੜ੍ਹ : ਹਰਿਆਣਾ ਦੇ ਬਹਾਦਰਗੜ੍ਹ ‘ਚ ਪਿਓ-ਧੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਦੋਵਾਂ ਨੇ ਘਰ ਵਿੱਚ ਹੀ ਜ਼ਹਿਰ ਖਾ ਲਿਆ ਸੀ। ਬੇਟੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪਿਤਾ ਦੀ ਵੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮਾਮਲਾ ਬਹਾਦਰਗੜ੍ਹ ਦੇ ਦਯਾਨੰਦ ਨਗਰ ਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਸੁਨੀਲ ਅਤੇ ਉਸ ਦੀ 21 ਸਾਲਾ ਧੀ ਅੰਸ਼ੁਲ ਵਜੋਂ ਹੋਈ ਹੈ।

ਅੰਸ਼ੁਲ ਜਨਮ ਤੋਂ ਹੀ ਅਪਾਹਜ ਸੀ। ਇਸ ਕਾਰਨ ਉਹ ਤੁਰਨ-ਫਿਰਨ ਅਤੇ ਖਾਣ-ਪੀਣ ਤੋਂ ਅਸਮਰੱਥ ਸੀ। ਅੰਸ਼ੁਲ ਪੂਰੀ ਤਰ੍ਹਾਂ ਦੂਜੇ ਵਿਅਕਤੀ ‘ਤੇ ਨਿਰਭਰ ਸੀ। ਦੱਸਿਆ ਜਾ ਰਿਹਾ ਹੈ ਕਿ ਪਿਤਾ ਸੁਨੀਲ ਆਪਣੀ ਬੇਟੀ ਦੀ ਅਪਾਹਜਤਾ ਤੋਂ ਪ੍ਰੇਸ਼ਾਨ ਸਨ। ਸੁਨੀਲ  ਸ਼ਰਾਬ ਦਾ ਆਦੀ ਵੀ ਸੀ ਅਤੇ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕਾ ਸੀ।

ਜਾਣਕਾਰੀ ਮੁਤਾਬਕ ਸੁਨੀਲ ਦੀ ਪਤਨੀ ਦੁਪਹਿਰ ਸਮੇਂ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ। ਇਸੇ ਦੌਰਾਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੁਨੀਲ ਅਤੇ ਅੰਸ਼ੁਲ ਨੇ ਜ਼ਹਿਰੀਲੀ ਚੀਜ਼ ਖਾ ਲਈ। ਜ਼ਹਿਰ ਖਾਣ ਤੋਂ ਬਾਅਦ ਧੀ ਅੰਸ਼ੁਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਉਸ ਦੇ ਪਰਿਵਾਰ ਵਾਲੇ ਸੁਨੀਲ ਨੂੰ ਬਹਾਦਰਗੜ੍ਹ ਦੇ ਪਰਮ ਸ਼ਕਤੀ ਸੰਜੀਵਨੀ ਹਸਪਤਾਲ ਲੈ ਗਏ।

ਉਥੇ ਇਲਾਜ ਦੌਰਾਨ ਸੁਨੀਲ ਦੀ ਵੀ ਮੌਤ ਹੋ ਗਈ। ਮੌਤ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਹੈ ਜਾਂ ਕੁਝ ਹੋਰ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਅਸ਼ੋਕ ਦਹੀਆ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।