ਬਰਗਾੜੀ-ਬਹਿਬਲ ਕਲਾਂ ਕਾਂਡ ਲਈ ਲੋਕਾਂ ਦੀ ਕਚਹਿਰੀ ‘ਚ ਮੁੱਖ ਦੋਸ਼ੀ ਹਨ ਬਾਦਲ: ਭਗਵੰਤ ਮਾਨ

0
14461
  • ਸੀਬੀਆਈ,ਸਿੱਟਾਂ ਅਤੇ ਸੈਟਿੰਗਾਂ ਰਾਹੀਂ ਬਾਦਲਾਂ ਨੂੰ ਬਚਾ ਰਹੇ ਹਨ ਮੋਦੀ ‘ਤੇ ਕੈਪਟਨ-‘ਆਪ’
  • ਕੁੰਵਰ ਵਿਜੈ ਪ੍ਰਤਾਪ ਵਾਲੀ ਸਿੱਟ ਦੀ ਜਾਂਚ ਨੂੰ ਲੀਹੋਂ ਲਾਹੁਣ ਦੀ ਹੋ ਰਹੀ ਹੈ ਨਾਪਾਕ ਕੋਸ਼ਿਸ਼

ਚੰਡੀਗੜ੍ਹ . ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ‘ਚ ਹੋਈ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਦੇ ਸੰਵੇਦਨਸ਼ੀਲ ਮਾਮਲੇ ‘ਚ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਮਾਮਲੇ ਨੂੰ ਲਟਕਾਉਣ ਅਤੇ ਬਾਦਲਾਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਗਾਏ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਬਹਿਬਲ ਕਲਾਂ ਗੋਲੀਕਾਂਡ ‘ਚ ਸਿੱਟ ਦੀ ਜਾਂਚ ਰੋਕਣ ਲਈ ਸੀਬੀਆਈ ਵੱਲੋਂ ਮੋਹਾਲੀ ਦੀ ਅਦਾਲਤ ‘ਚ ਅਰਜ਼ੀ ਦਾਇਰ ਕਰਨ ‘ਤੇ ਸਖ਼ਤ ਇਤਰਾਜ਼ ਕੀਤਾ ਹੈ। ਭਗਵੰਤ ਮਾਨ ਨੇ ਸੀਬੀਆਈ ਦੇ ਇਸ ਕਦਮ ਨੂੰ ਬਾਦਲਾਂ ਨੂੰ ਬਚਾਉਣ ਲਈ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ।

ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਬਾਦਲਾਂ ਦੀ ਸਿੱਧੀ ਮਿਲੀਭੁਗਤ ਨਾਲ ਮੋਦੀ ਸਰਕਾਰ ਸੀਬੀਆਈ ਰਾਹੀਂ ਅਤੇ ਰਣਬੀਰ ਸਿੰਘ ਖੱਟੜਾ ਦੀ ਸਿੱਟ ਰਾਹੀਂ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਬਾਰੇ ਬੜੀ ਗੰਭੀਰਤਾ ਨਾਲ ਜਾਂਚ ਕਰ ਰਹੀ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਸਿੱਟ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਭਗਵੰਤ ਮਾਨ ਨੇ ਸੀਬੀਆਈ ਦੇ ਇਸ ਕਦਮ ਨੂੰ ਬੇਲੋੜਾ ਦੱਸਦੇ ਹੋਏ ਕਿਹਾ ਕਿ ਜਦ ਪੰਜਾਬ ਵਿਧਾਨ ਸਭਾ ਸੀਬੀਆਈ ਕੋਲੋਂ ਇਹ ਕੇਸ ਵਾਪਸ ਲੈ ਚੁੱਕੀ ਹੈ ਅਤੇ ਖ਼ੁਦ ਸੀਬੀਆਈ ਇੱਕ ਵਾਰ ਕਲੋਜਰ ਰਿਪੋਰਟ ਦਾਖਲ ਕਰ ਚੁੱਕੀ ਹੈ ਤਾਂ ਸੀਬੀਆਈ ਹੁਣ ਕਿਉਂ ਇਸ ਮਾਮਲੇ ‘ਚ ਦਖ਼ਲਅੰਦਾਜ਼ੀ ਕਰ ਰਹੀ ਹੈ?

ਭਗਵੰਤ ਮਾਨ ਨੇ ਇਸੇ ਤਰਾਂ ਰਣਬੀਰ ਸਿੰਘ ਖੱਟੜਾ ਦੀ ਮੁੜ-ਮੁੜ ਸੁਰਜੀਤ (ਰੀਵਾਇਵ) ਕੀਤੀ ਜਾ ਰਹੀ ਸਿੱਟ ‘ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੋ ਸਿੱਟ ਬੇਅਦਬੀ ਅਤੇ ਬਰਗਾੜੀ ਕਾਂਡ ਦੇ ਮੁੱਖ ਦੋਸ਼ੀਆਂ (ਬਾਦਲਾਂ) ਵੱਲੋਂ ਆਪਣੀ ਸਰਕਾਰ ਸਮੇਂ ਗਠਿਤ ਕੀਤੀ ਗਈ ਸੀ ਅਤੇ ਜਿਸ ਰਣਬੀਰ ਸਿੰਘ ਖੱਟੜਾ ਦਾ ਪੁੱਤਰ ਸਤਵੀਰ ਸਿੰਘ ਖੱਟੜਾ ਪਟਿਆਲਾ (ਦਿਹਾਤੀ) ਤੋਂ ਅਕਾਲੀ ਦਲ (ਬਾਦਲ) ਦਾ ਉਮੀਦਵਾਰ ਅਤੇ ਬਾਦਲ ਪਰਿਵਾਰ ਦਾ ਕਰੀਬੀ ਹੋਵੇ, ਉਸ ਸਿੱਟ ਤੋਂ ਇਨਸਾਫ਼ ਦੀ ਕੀ ਉਮੀਦ ਲਗਾਈ ਜਾ ਸਕਦੀ ਹੈ?

ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਰਿੰਦਰ ਮੋਦੀ ਸਰਕਾਰ ਬਾਦਲਾਂ ਨੂੰ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ‘ਚੋਂ ਬਚਾਉਣ ਲਈ ਬੇਸ਼ੱਕ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਪਰੰਤੂ ਲੋਕਾਂ ਦੀ ਕਚਹਿਰੀ ‘ਚ ਬਾਦਲ ਦੋਸ਼ੀ ਸਾਬਤ ਹੋ ਚੁੱਕੇ ਹਨ। ਇਸ ਲਈ ਜੋ ਵੀ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਜਨਤਾ ਦੀ ਕਚਹਿਰੀ ‘ਚ ਉਸੇ ਤਰਾਂ ਸਜਾ ਮਿਲੇਗੀ, ਜਿਵੇਂ 2017 ਦੀਆਂ ਚੋਣਾਂ ‘ਚ ਲੋਕਾਂ ਨੇ ਬਾਦਲਾਂ ਨੂੰ ਦਿੱਤੀ ਸੀ।

ਭਗਵੰਤ ਮਾਨ ਨੇ ਕਿਹਾ ਕਿ ਦੁਨੀਆ ਭਰ ‘ਚ ਵੱਸਦੀ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਸਜਾ ਚਾਹੁੰਦੀ ਹੈ, ਬੇਸ਼ੱਕ ਉਹ ਕਿੰਨੇ ਵੀ ਤਾਕਤਵਰ ਜਾਂ ਰਸੂਖਦਾਰ ਕਿਉਂ ਨਾ ਹੋਣ।