ਪੰਜਾਬ ‘ਚ ਆਯੂਸ਼ਮਾਨ ਕਾਰਡ ਵਾਲਿਆਂ ਦਾ ਪ੍ਰਾਈਵੇਟ ਹਸਪਤਾਲਾਂ ‘ਚ ਹੋ ਸਕੇਗਾ ਕੋਰੋਨਾ ਦਾ ਇਲਾਜ – ਹੈਲਥ ਮਿਨੀਸਟਰ

0
31660

ਚੰਡੀਗੜ੍ਹ | ਸੂਬਾ ਸਰਕਾਰ ਦੇ ਇੱਕ ਵੱਡੇ ਫੈਸਲੇ ਮੁਤਾਬਿਕ ਹੁਣ ਪੰਜਾਬ ਵਿੱਚ ਆਯੂਸ਼ਮਾਨ ਕਾਰਡ ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕੋਰੋਨਾ ਦਾ ਇਲਾਜ ਕਰਵਾਇਆ ਜਾ ਸਕੇਗਾ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਕੋਵਿਡ-19 ਦੇ ਮਰੀਜ਼ਾਂ ਨੂੰ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੇਣ ਦਾ ਫੈਸਲਾ ਕੀਤਾ ਹੈ।

ਸਿਹਤ ਮੰਤਰੀ ਨੇ ਦੱਸਿਆ- 8000 ਰੁਪਏ ਤੋਂ 18,000 ਰੁਪਏ ਪ੍ਰਤੀ ਦਿਨ ਦੀਆਂ ਤੈਅ ਇਲਾਜ ਦਰਾਂ ‘ਤੇ ਕੋਵਿਡ ਦਾ ਇਲਾਜ ਹਸਪਤਾਲਾਂ ਵਿੱਚ ਹੋਵੇਗਾ। ਸੂਬਾ ਸਰਕਾਰ ਤੈਅ ਦਰਾਂ ਵਿੱਚੋਂ ਬੀਮਾ ਕੰਪਨੀ ਵੱਲੋਂ ਦਿੱਤੇ ਜਾਣ ਵਾਲੇ ਖਰਚੇ ਨੂੰ ਘਟਾ ਕੇ ਬਾਕੀ ਬੈਸੇ ਹਸਪਤਾਲਾਂ ਨੂੰ ਦੇਵੇਗੀ।

ਨਿਰਧਾਰਤ ਕੀਤੀਆਂ ਇਲਾਜ ਦਰਾਂ ਵਿੱਚ ਬੈੱਡ, ਪੀਪੀਈ ਕਿੱਟਾਂ, ਦਵਾਈਆਂ, ਕੰਜਿਊਮਏਬਲਜ਼, ਨਿਗਰਾਨੀ/ਨਰਸਿੰਗ ਕੇਅਰ, ਡਾਕਟਰ ਦੀ ਫੀਸ, ਜਾਂਚ, ਆਕਸੀਜਨ ਆਦਿ ਦਾ ਖ਼ਰਚਾ ਸ਼ਾਮਲ ਹੈ।

ਬੀਮਾ ਯੋਜਨਾ ਤਹਿਤ ਲਾਭਪਾਤਰੀ ਕੋਵਿਡ-19 ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਤੋਂ ਬਿਨਾਂ ਕਿਸੇ ਰੈਫ਼ਰਲ ਦੀ ਜ਼ਰੂਰਤ ਦੇ ਸਿੱਧੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੂਜੇ ਹੱਲੇ ਜਿਸ ਨੇ ਪੂਰੇ ਸੂਬੇ ਨੂੰ ਆਪਣੀ ਜਕੜ ਵਿੱਚ ਲੈ ਲਿਆ ਅਤੇ ਸਿਹਤ ਬੁਨਿਆਦੀ ਢਾਂਚੇ ਤੇ ਦਬਾਅ ਬਣਾ ਦਿੱਤਾ, ਦੇ ਕਾਰਨ ਸਰਕਾਰੀ ਹਸਪਤਾਲਾਂ ਨੂੰ ਕੋਵਿਡ-19 ਸੰਕਟ ਨਾਲ ਨਜਿੱਠਣਤੇ ਧਿਆਨ ਕੇਂਦਰਤ ਕਰਨ ਲਈ ਚੋਣਵੀਆਂ ਸਰਜਰੀਆਂ / ਗੈਰ-ਕੋਵਿਡ ਇਲਾਜਾਂ ਨੂੰ ਮੁਲਤਵੀ ਕਰਨਾ ਪਿਆ। ਇਸ ਲਈ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਮੁਸ਼ਕਲ ਰਹਿਤ ਇਲਾਜ ਦੇਣ ਲਈ ਰਾਜ ਸਰਕਾਰ ਨੇ ਹਾਲ ਹੀ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਰਾਖਵੇਂ 55 ਸਰਜੀਕਲ ਟਰੀਟਮੈਂਟਾਂ ਨੂੰ ਡੀ-ਰਿਜਰਵ ਕਰ ਦਿੱਤਾ ਤਾਂ ਜੋ ਲਾਭਪਾਤਰੀ ਇਹ ਇਲਾਜ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਲੈ ਸਕਣ।