ਪੰਜਾਬ ‘ਚ ਆਯੁਸ਼ਮਾਨ ਕਾਰਡ ਦਾ ਫਰਜ਼ੀਵਾੜਾ, SAFU ਨੇ ਫੜੇ 145 ਫਰਜ਼ੀ ਕਾਰਡ, 32 ਪ੍ਰਾਈਵੇਟ ਹਸਪਤਾਲਾਂ ਨੂੰ ਨੋਟਿਸ ਜਾਰੀ

0
368

ਚੰਡੀਗੜ੍ਹ, 29 ਜਨਵਰੀ | ਨੈਸ਼ਨਲ ਹੈਲਥ ਅਥਾਰਟੀ ਦੀ ਸਟੇਟ ਐਂਟੀ ਫਰਾਡ ਯੂਨਿਟ (SAFU ) ਨੇ ਸਾਫਟਵੇਅਰ ਰਾਹੀਂ ਪੰਜਾਬ ਵਿਚ ਮੁਫਤ ਇਲਾਜ ਲਈ ਬਣੇ ਆਯੁਸ਼ਮਾਨ ਕਾਰਡ ਵਿਚ ਧੋਖਾਧੜੀ ਦਾ ਪਤਾ ਲਗਾਇਆ ਹੈ। SAFU ਨੇ ਜਾਂਚ ਤੋਂ ਬਾਅਦ 145 ਫਰਜ਼ੀ ਕਾਰਡਾਂ ਦਾ ਪਤਾ ਲਗਾਇਆ ਹੈ, ਜਦਕਿ 77 ਹੋਰ ਕਾਰਡ ਫੀਲਡ ਜਾਂਚ ਲਈ ਭੇਜੇ ਗਏ ਹਨ। ਜਾਂਚ ਵਿਚ ਪਤਾ ਲੱਗਾ ਕਿ ਕਾਰਡਾਂ ਵਿਚ ਉਮਰ, ਫੋਟੋ ਅਤੇ ਪਤਾ ਗਲਤ ਦਿਖਾਇਆ ਗਿਆ ਸੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ 32 ਨਿੱਜੀ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

SAFU ਨੇ ਪਟਿਆਲਾ ਜ਼ਿਲੇ ਵਿਚ ਸਭ ਤੋਂ ਵੱਧ 47 ਜਾਅਲੀ ਕਾਰਡ ਫੜੇ ਹਨ। ਸਭ ਤੋਂ ਜ਼ਿਆਦਾ ਜਲੰਧਰ ਦੇ 14 ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਗਏ ਹਨ। ਕਈ ਹਸਪਤਾਲ ਅਜਿਹੇ ਹਨ, ਜਿਨ੍ਹਾਂ ਨੇ ਆਯੁਸ਼ਮਾਨ ਕਾਰਡ ਧਾਰਕਾਂ ਨੂੰ ਇਸ ਯੋਜਨਾ ਤਹਿਤ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਕੁਝ ਹਸਪਤਾਲ ਇਲਾਜ, ਜਾਂਚ, ਦਵਾਈ ਆਦਿ ਸਹੂਲਤਾਂ ਦੇਣ ਲਈ ਲਾਭਪਾਤਰੀਆਂ ਤੋਂ ਪੈਸੇ ਵਸੂਲਦੇ ਸਨ।

ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲਦਾ ਹੈ। ਬੀਮਾਯੁਕਤ ਵਿਅਕਤੀ ਨਿਊਰੋ ਸਰਜਰੀ, ਜਨਰਲ ਸਰਜਰੀ, ਕਾਰਡੀਓਲੋਜੀ, ਯੂਲੋਜੀ, ਪਲਾਸਟਿਕ ਸਰਜਰੀ, ਵੈਸਕੁਲਰ ਸਰਜਰੀ, ਕੈਂਸਰ ਆਦਿ ਸਮੇਤ 1579 ਬਿਮਾਰੀਆਂ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਸ ਸਕੀਮ ਤਹਿਤ ਸੂਬੇ ਦੇ 771 ਸਰਕਾਰੀ ਅਤੇ 457 ਪ੍ਰਾਈਵੇਟ ਹਸਪਤਾਲਾਂ ਨਾਲ ਟਾਈ-ਅੱਪ ਹਨ। ਰਾਜ ਵਿਚ ਇਸ ਯੋਜਨਾ ਤਹਿਤ 45 ਲੱਖ ਪਰਿਵਾਰ ਰਜਿਸਟਰਡ ਹਨ। ਹੁਣ ਲੋਕ ਆਯੁਸ਼ਮਾਨ ਕਾਰਡ ‘ਚ ਵੀ ਧੋਖਾਧੜੀ ‘ਚ ਲੱਗੇ ਹੋਏ ਹਨ, ਜਿਸ ਦਾ ਪਰਦਾਫਾਸ਼ ਹੁਣ SAFU ਨੇ ਕੀਤਾ ਹੈ।

ਇਸ ਤਰ੍ਹਾਂ ਲੱਗਾ ਧੋਖਾਧੜੀ ਦਾ ਪਤਾ

SAFU ਦੇ ਸਾਫਟਵੇਅਰ ‘ਚ ਕਈ ਲਾਭਪਾਤਰੀਆਂ ਦੀ ਉਮਰ ਅਤੇ ਆਧਾਰ ਕਾਰਡਾਂ ‘ਚ ਬੇਮੇਲ ਪਾਇਆ ਗਿਆ ਹੈ। ਕਿਸੇ ਨੇ ਫੋਟੋ ਬਦਲੀ ਸੀ, ਕਿਸੇ ਦੇ ਉਂਗਲਾਂ ਦੇ ਨਿਸ਼ਾਨ ਮੇਲ ਨਹੀਂ ਖਾਂਦੇ। ਕਿਸੇ ਦੇ ਦਸਤਾਵੇਜ਼ ਵਿਚ ਵੱਖਰਾ ਪਤਾ ਸੀ। ਅਜਿਹੇ ਮਾਪਦੰਡਾਂ ਦੇ ਉਲਟ ਬਣੇ ਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਕਾਰਡਧਾਰਕਾਂ ਨੇ ਮੁਫ਼ਤ ਇਲਾਜ ਦਾ ਲਾਭ ਉਠਾਇਆ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)