ਆਇਸ਼ਾ ਮੁਖਰਜੀ ਨੇ ਸ਼ਿਖਰ ਧਵਨ ਤੋਂ ਲਿਆ ਤਲਾਕ, ਦੱਸਿਆ 2 ਵਾਰ ਤਲਾਕ ਲੈਣ ਤੋਂ ਬਾਅਦ ਕਿਵੇਂ ਮਹਿਸੂਸ ਕਰਦੀ ਹਾਂ

0
4960

ਨਵੀਂ ਦਿੱਲੀ | ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾਈ ਹੈ, ਜਿਸ ਵਿੱਚ ਉਸ ਨੇ ਤਲਾਕ ਬਾਰੇ ਆਪਣੀ ਰਾਇ ਦਿੱਤੀ ਹੈ ਅਤੇ ਇਹ ਵੀ ਲਿਖਿਆ ਹੈ ਕਿ 2 ਵਾਰ ਤਲਾਕ ਲੈਣ ਤੋਂ ਬਾਅਦ ਉਹ ਕਿਵੇਂ ਮਹਿਸੂਸ ਕਰਦੀ ਹੈ।

ਧਵਨ ਅਤੇ ਆਇਸ਼ਾ ਦੀ ਸਾਲ 2009 ਵਿੱਚ ਮੰਗਣੀ ਹੋਈ ਅਤੇ ਇਸ ਤੋਂ 3 ਸਾਲ ਬਾਅਦ ਉਨ੍ਹਾਂ ਨੇ ਵਿਆਹ ਕਰਵਾ ਲਿਆ। ਆਇਸ਼ਾ ਨੇ ਆਪਣੇ ਪਹਿਲੇ ਪਤੀ ਨੂੰ ਵੀ ਤਲਾਕ ਦੇ ਦਿੱਤਾ ਸੀ, ਜਿਸ ਨਾਲ ਉਸ ਦੀਆਂ 2 ਬੇਟੀਆਂ ਹਨ।

ਧਵਨ ਨੇ ਜਦੋਂ ਉਸ ਤੋਂ ਕਰੀਬ 10 ਸਾਲ ਵੱਡੀ ਆਇਸ਼ਾ ਨਾਲ ਵਿਆਹ ਕੀਤਾ ਸੀ ਤਾਂ ਉਸ ਸਮੇਂ ਉਸ ਨੂੰ ਬਹੁਤ ਤਾਅਨੇ ਮਿਲੇ ਸਨ। ਹਾਲਾਂਕਿ ਧਵਨ ਦੇ ਪਰਿਵਾਰ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ। ਸਾਲ 2014 ਵਿੱਚ ਆਇਸ਼ਾ ਨੇ ਇਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਜ਼ੋਰਾਵਰ ਧਵਨ ਹੈ।

ਆਇਸ਼ਾ, ਜੋ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ, ਨੇ ਆਪਣੀ ਪੋਸਟ ਵਿੱਚ ਲਿਖਿਆ, ”ਇਕ ਵਾਰ ਤਲਾਕ ਹੋ ਜਾਣ ਤੋਂ ਬਾਅਦ ਅਜਿਹਾ ਲੱਗਦਾ ਸੀ ਕਿ ਦੂਜੀ ਵਾਰ ਬਹੁਤ ਕੁਝ ਦਾਅ ‘ਤੇ ਲੱਗਾ ਹੋਇਆ ਸੀ। ਸਾਬਤ ਕਰਨ ਲਈ ਬਹੁਤ ਕੁਝ ਸੀ। ਇਸ ਲਈ ਇਹ ਬਹੁਤ ਡਰਾਵਣਾ ਸੀ, ਜਦੋਂ ਮੇਰਾ ਦੂਜਾ ਵਿਆਹ ਟੁੱਟ ਗਿਆ। ਮੈਂ ਸੋਚਿਆ ਕਿ ਤਲਾਕ ਇਕ ਗੰਦਾ ਸ਼ਬਦ ਹੈ ਪਰ ਫਿਰ ਮੈਂ ਦੋ ਵਾਰ ਤਲਾਕ ਲੈ ਲਿਆ। ਜਦੋਂ ਪਹਿਲੀ ਵਾਰ ਮੇਰਾ ਤਲਾਕ ਹੋਇਆ ਤਾਂ ਮੈਂ ਬਹੁਤ ਡਰੀ ਹੋਈ ਸੀ। ਮੈਂ ਮਹਿਸੂਸ ਕੀਤਾ ਜਿਵੇਂ ਮੈਂ ਅਸਫਲ ਹੋ ਹੋ ਗਈ ਹਾਂ।”

ਆਇਸ਼ਾ ਨੇ ਅੱਗੇ ਲਿਖਿਆ, ”ਮੈਂ ਮਹਿਸੂਸ ਕੀਤਾ ਕਿ ਮੈਂ ਸਾਰਿਆਂ ਨੂੰ ਨਿਰਾਸ਼ ਕਰ ਦਿੱਤਾ ਹੈ ਅਤੇ ਸੁਆਰਥੀ ਵੀ ਮਹਿਸੂਸ ਕੀਤਾ ਹੈ। ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਮਾਪਿਆਂ ਨੂੰ ਨਿਰਾਸ਼ ਕਰ ਰਹੀ ਹਾਂ, ਆਪਣੇ ਬੱਚਿਆਂ ਨੂੰ ਜ਼ਲੀਲ ਕਰ ਰਹੀ ਹਾਂ ਅਤੇ ਕੁਝ ਹੱਦ ਤੱਕ ਮੈਨੂੰ ਲੱਗਾ ਕਿ ਮੈਂ ਰੱਬ ਦਾ ਵੀ ਅਪਮਾਨ ਕੀਤਾ ਹੈ। ਤਲਾਕ ਇਕ ਬਹੁਤ ਹੀ ਗੰਦਾ ਸ਼ਬਦ ਸੀ।”

ਧਵਨ ਨੇ ਇਸ ਬਾਰੇ ਕਈ ਵਾਰ ਗੱਲ ਕੀਤੀ ਹੈ ਕਿ ਆਇਸ਼ਾ ਨਾਲ ਵਿਆਹ ਕਰਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ। ਉਹ ਕਈ ਵਾਰ ਕਹਿ ਚੁੱਕਾ ਹੈ ਕਿ ਆਇਸ਼ਾ ਨੂੰ ਮਿਲਣ ਤੋਂ ਬਾਅਦ ਉਹ ਇਕ ਵਿਅਕਤੀ ਅਤੇ ਕ੍ਰਿਕਟਰ ਦੇ ਰੂਪ ਵਿੱਚ ਕਿਵੇਂ ਬਦਲਿਆ।

ਧਵਨ ਨੇ ਤਲਾਕ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਉਸ ਨੇ ਨਾ ਤਾਂ ਕੋਈ ਬਿਆਨ ਜਾਰੀ ਕੀਤਾ ਅਤੇ ਨਾ ਹੀ ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਸਾਂਝੀ ਕੀਤੀ।

ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਸ਼ਿਖਰ ਅਤੇ ਆਇਸ਼ਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਆਇਸ਼ਾ ਨੇ ਆਪਣੀ ਫੀਡ ਤੋਂ ਸ਼ਿਖਰ ਦੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।