ਮਾਨਸਾ . ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੌਰਾਨ ਜ਼ਿਲਾ ਵਾਸੀਆਂ ਨੂੰ ਇਸ ਵਾਇਰਸ ਤੋਂ ਬਚਾਈ ਰਖਣ ਲਈ ਜ਼ਿਲਾ ਪੁਲਿਸ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ’ਤੇ ਨਿਵੇਕਲੀਆਂ ਗਤੀਵਿਧੀਆਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਇਸੇ ਲੜੀ ਤਹਿਤ ਲੋਕਡਾਊਨ-4 ਦੌਰਾਨ ਕੋਵਿਡ-19 ਦੇ ਫੈਲਾਓ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਅਜ 4 ਨੁਕਤਿਆਂ ਵਾਲੀ ਇਕ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਮਾਨਸਾ ਦੇ ਐਸਐਸਪੀ ਡਾ. ਨਰਿੰਦਰ ਭਾਰਗਵ ਨੇ ਦਸਿਆ ਕਿ ਪੰਜਾਬ ਵਿੱਚ ਕਰਫਿਊ ਖਤਮ ਕਰਨ ਉਪਰੰਤ ਕੋਰੋਨਾ ਵਾਇਰਸ ਦੇ ਫੈਲਾਓ ਨੂੰ ਰੋਕਣ ਦੇ ਮੱਦੇ-ਨਜ਼ਰ ਲੌਕਡਾਊਨ-4 ਲਾਗੂ ਕੀਤਾ ਗਿਆ ਹੈ। ਇਸ ਲੌਕਡਾਊਨ-4 ਦੇ ਸਮੇਂ ਦੌਰਾਨ ਆਮ ਲੋਕਾਂ ਵੱਲੋਂ ਕਰੋਨਾ ਵਾਇਰਸ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਸ ਨੂੰ ਮੁੱਖ ਰਖਦੇ ਹੋਏ ਜਿਲਾ ਪੁਲਿਸ ਮਾਨਸਾ ਵੱਲੋਂ ਲੋਕਾਂ ਨੂੰ ਕੋਵਿਡ-19 ਦੇ ਫੈਲਾਉ ਤੋਂ ਸੁਚੇਤ ਕਰਨ ਲਈ ਅੱਜ ਇੱਕ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਵਿਡ-19 ਦੇ ਫੈਲਣ ਦਾ ਖਤਰਾ ਅਜੇ ਟਲਿਆ ਨਹੀਂ ਹੈ ਅਤੇ ਇਸ ਸਮੇਂ ਦੌਰਾਨ ਸਮੂਹ ਜ਼ਿਲਾ ਵਾਸੀਆਂ ਨੂੰ ਇਹ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਜਰੂਰੀ ਸਾਵਧਾਨੀਆਂ ਦੀ ਵਰਤੋਂ ਸਖਤੀ ਨਾਲ ਕਰਨੀ ਚਾਹੀਦੀ ਹੈ। ਇਸ ਲਈ ਡਾਇਰੈਕਟਰ ਜਨਰਲ ਆਫ ਪੁਲਿਸ ਦਿਨਕਰ ਗੁਪਤਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜਿਲੇ ਵਿੱਚ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਆਮ ਲੋਕ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ।
ਐਸਐਸਪੀ ਨੇ ਦੱਸਿਆ ਕਿ ਮਾਨਸਾ ਦੀਆਂ ਕੁੱਝ ਜਥੇਬੰਦੀਆਂ ਜਿੰਨਾਂ ਵਿੱਚ ਕਰਿਆਨਾ, ਮੈਡੀਕਲ ਅਤੇ ਹੋਰ ਯੂਨੀਅਨਾਂ ਸ਼ਾਮਲ ਹਨ, ਨੇ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਇਹ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ। ਡਾ. ਭਾਰਗਵ ਨੇ ਦਸਿਆ ਕਿ ਘਰ ਰਹੋ ਸੁਰੱਖਿਅਤ ਰਹੋ, ਜੇ ਬਾਹਰ ਹੋ ਤਾਂ ਹਰ ਇੱਕ ਨਾਲ 2 ਮੀਟਰ ਦਾ ਫਾਸਲਾ ਬਣਾ ਕੇ ਰੱਖੋ, ਮੂੰਹ ’ਤੇ ਮਾਸਕ ਪਹਿਨੋ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਵੋ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ ਇਨਾਂ ਚਾਰ ਨੁਕਤਿਆਂ ਦਾ ਪਾਲਣ ਹਰੇਕ ਵਿਅਕਤੀ ਨੂੰ ਲਾਜ਼ਮੀ ਕਰਨਾ ਚਾਹੀਦਾ।
ਇਸ ਮੁਹਿੰਮ ਨੂੰ ਸਾਰਥਕ ਕਰਨ ਦੇ ਮੰਤਵ ਨਾਲ ਇੰਨਾਂ ਸਾਵਧਾਨੀਆਂ ਨੂੰ ਰੋਜ਼-ਮਰਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਲਈ ਇੰਨਾਂ ਨੂੰ ਸਲੋਗਨ ਵਜੋਂ ਕੱਪੜਿਆਂ ’ਤੇ ਅੰਕਿਤ ਕੀਤਾ ਗਿਆ। ਸਾਵਧਾਨੀਆਂ ਦੀਆਂ ਹਦਾਇਤਾਂ ਦੇ ਪੈਂਫਲੇਟ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਕੇ ਇਸ ਦੀ ਪ੍ਰਿੰਟ ਕਾਪੀਆਂ ਅਤੇ ਸਾਫਟ ਕਾਪੀਆਂ ਵੀ.ਪੀ.ਓਜ਼. ਰਾਹੀਂ ਅਤੇ ਸੋਸ਼ਲ ਮੀਡੀਆ/ਵੱਟਸਐਪ ਰਾਹੀਂ ਵੱਡੇ ਪੱਧਰ ’ਤੇ ਤਕਸੀਮ ਕੀਤੀਆਂ ਗਈਆਂ, ਜਿੰਨਾਂ ਦਾ ਅੰਕੜਾ ਤਕਰੀਬਨ 50,000 ਬਣਦਾ ਹੈ।




































