ਲੁਧਿਆਣਾ ‘ਚ ਪੁਲਿਸ ਵਾਲਿਆਂ ਨੂੰ ਮਾਰਨ ਦੀ ਕੋਸ਼ਿਸ਼ ਹੋਈ ਨਾਕਾਮ, ਮਰਦਾਂ ਤੋਂ ਕਿੰਨਰ ਬਣੇੇ 3 ਗ੍ਰਿਫ਼ਤਾਰ

0
1171

ਲੁਧਿਆਣਾ . ਬਸਤੀ ਜੋਧੇਵਾਲ ਪੁਲਿਸ ਨੇ ਮਰਦ ਤੋਂ ਕਿੰਨਰ ਬਣੇ ਤਿੰਨ ਮੁਲਜ਼ਮਾਂ ਦਾ ਪਰਦਾਫਾਸ਼ ਕਰਦਿਆਂ ਨਾ ਸਿਰਫ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸਗੋਂ 5-6 ਪੁਲੀਸ ਮੁਲਾਜ਼ਮਾਂ ਦੀ ਜਾਨ ਵੀ ਬਚਾਈ ਹੈ। ਕ੍ਰਿਸ਼ਨਾ ਕਾਲੋਨੀ ਦੀ ਗਲੀ ਨੰਬਰ 9 ਵਿਚ ਲੁਧਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਇਕਾਂਤਵਾਸ ਵਿਚ ਰੱਖਣ ਲਈ ਕੇਂਦਰ ਬਣਾਇਆ ਗਿਆ। ਜਿੱਥੇ ਸਬ ਇੰਸਪੈਕਟਰ ਸਣੇ 5-6 ਮੁਲਾਜ਼ਮ ਰਹਿੰਦੇ ਹਨ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਮਰਦ ਤੋਂ ਕਿੰਨਰ ਬਣੇ ਤਿੰਨ ਮੁਲਜ਼ਮਾਂ ਵੱਲੋਂ ਮਾਰਨ ਦੀ ਸਾਜ਼ਿਸ਼ ਰਚੀ ਗਈ। ਇਕਾਂਤਵਾਸ ਦੀ ਪਾਣੀ ਵਾਲੀ ਟੈਂਕੀ ਵਿਚ ਜ਼ਹਿਰ ਘੋਲ ਦਿੱਤਾ। ਜਦੋਂ ਮੁਲਾਜ਼ਮ ਪਾਣੀ ਪੀਣ ਲੱਗੇ ਤਾਂ ਉਨ੍ਹਾਂ ਨੂੰ ਪਾਣੀ ਵਿਚੋਂ ਬਦਬੂ ਆਈ ਅਤੇ ਉਨ੍ਹਾਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਇਲਾਕੇ ਵਿਚ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲੀਸ ਵੱਲੋਂ ਤਿੰਨ ਮਰਦ ਤੋਂ ਕਿੰਨਰ ਬਣੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸਤੀ ਜੋਧੇਵਾਲ ਦੀ ਐਸਐਚਓ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ 9 ਤਰੀਕ ਨੂੰ ਇਹ ਪੂਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੁਲਾਜ਼ਮ ਘਰ ਜਾ ਕੇ ਪਾਣੀ ਪੀਣ ਲੱਗੇ ਤਾਂ ਉਨ੍ਹਾਂ ਨੂੰ ਪਾਣੀ ਚੋਂ ਬਦਬੂ ਆਈ ਇਲਾਕੇ ਵਿੱਚ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਤਿੰਨ ਨਕਲੀ ਕਿੰਨਰ ਪੌੜੀ ਲਾ ਕੇ ਇਕਾਂਤ ਵਾਸ ਕੇਂਦਰ ਦੀ ਛੱਤ ਤੇ ਚੜ੍ਹ ਕੇ ਟੈਂਕੀ ਦੇ ਵਿੱਚ ਜ਼ਹਿਰੀਲੀ ਚੀਜ਼ ਪਾ ਦਿੱਤੀ ਪਰ ਪੁਲਿਸ ਮੁਲਾਜ਼ਮਾਂ ਨੂੰ ਸਮਾਂ ਰਹਿੰਦੇ ਇਸ ਬਾਰੇ ਪਤਾ ਲੱਗ ਗਿਆ ਅਤੇ ਮੌਕੇ ਤੋਂ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਅਰਸ਼ਪ੍ਰੀਤ ਕੌਰ ਨੇ ਵੀ ਦੱਸਿਆ ਕਿ ਇਨ੍ਹਾਂ ਦੀ ਪੁਲਿਸ ਨਾਲ ਪੁਰਾਣੀ ਦੁਸ਼ਮਣੀ ਸੀ ਕਿਉਂਕਿ ਪੁਲਿਸ ਵੱਲੋਂ ਇਨ੍ਹਾਂ ਦੇ ਇੱਕ ਸਾਥੀ ਨੂੰ 2019 ਵਿੱਚ ਕਈ ਸੰਗੀਨ ਜੁਰਮਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦਾ ਬਦਲਾ ਲੈਣ ਲਈ ਉਨ੍ਹਾਂ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ। ਇਹ ਤਿੰਨੇ ਮਰਦ ਹੋਣ ਦੇ ਬਾਵਜੂਦ ਕਿੰਨਰਾਂ ਦਾ ਪਹਿਰਾਵਾ ਪਾ ਕੇ ਰਹਿੰਦੇ ਸਨ ਅਤੇ ਇਨ੍ਹਾਂ ਤਿੰਨਾਂ ਦਾ ਪਿਛੋਕੜ ਅਪਰਾਧਿਕ ਪ੍ਰਵਿਰਤੀ ਵਾਲਾ ਹੈ।