ਜਲੰਧਰ | ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੇ ਨਰਸਿੰਗ ਹੋਸਟਲ ਵਿੱਚ ਅਣਪਛਾਤੇ ਹਮਲਾਵਰਾਂ ਨੇ ਦੋ ਨਰਸਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਇਕ ਨਰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੀ ਨਰਸ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਜ਼ਖ਼ਮੀ ਨਰਸ ਨੂੰ ਘਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਨਰਸ ਦੀ ਹਾਲਤ ਗੰਭੀਰ ਦੱਸੀ ਹੈ।
ਜਲੰਧਰ ਦੇ ਸੰਘਾ ਚੌਕ ‘ਚ ਇਹ ਘਟਨਾ ਰਾਤ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ। ਮਾਰੀ ਗਈ ਨਰਸ ਦੀ ਪਛਾਣ ਬਲਵਿੰਦਰ ਕੌਰ ਵਾਸੀ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਨਰਸ ਦੀ ਪਛਾਣ ਜੋਤੀ ਵਜੋਂ ਹੋਈ ਹੈ। ਜੋਤੀ ਫਗਵਾੜਾ ਦੀ ਰਹਿਣ ਵਾਲੀ ਹੈ। ਦੋਵਾਂ ‘ਤੇ ਹਮਲਾ ਦੇਰ ਰਾਤ ਹੋਸਟਲ ਦੀ ਛੱਤ ‘ਤੇ ਹੋਇਆ।
ਕਤਲ ਦੀ ਸੂਚਨਾ ਮਿਲਦੇ ਹੀ ਹਸਪਤਾਲ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਟਾਫ ਤੁਰੰਤ ਹੋਸਟਲ ਦੀ ਛੱਤ ਵੱਲ ਭੱਜਿਆ। ਉਥੇ ਜਾ ਕੇ ਦੇਖਿਆ ਤਾਂ ਬਲਵਿੰਦਰ ਤੇ ਜੋਤੀ ਖੂਨ ਨਾਲ ਲੱਥਪੱਥ ਪਈਆਂ ਸਨ। ਸਟਾਫ਼ ਨੇ ਜਾਂਚ ਕੀਤੀ ਤਾਂ ਬਲਵਿੰਦਰ ਦੀ ਮੌਤ ਹੋ ਚੁੱਕੀ ਸੀ ਜਦਕਿ ਬੇਹੋਸ਼ ਜੋਤੀ ਸਾਹ ਲੈ ਰਹੀ ਸੀ।
ਸਟਾਫ ਨੇ ਤੁਰੰਤ ਆਪਣੇ ਹਸਪਤਾਲ ‘ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਲਿੰਕ ਰੋਡ ‘ਤੇ ਸਥਿਤ ਇਕ ਹੋਰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਜੋਤੀ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਕਈ ਜ਼ਖਮ ਵੀ ਹਨ ਤੇ ਖੂਨ ਵੀ ਕਾਫੀ ਵਹਿ ਚੁੱਕਾ ਹੈ। ਹਸਪਤਾਲ ਵਿੱਚ ਜੋਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਹੀ ਹੈ।