ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ‘ਤੇ ਹਮਲਾ, ਬਚਾਅ ‘ਚ ਪੁਲਿਸ ਨੇ ਕੀਤੀ ਹਵਾਈ ਫਾਇਰਿੰਗ

0
7196

ਬਠਿੰਡਾ, 1 ਮਾਰਚ । ਧੋਬੀਆਣਾ ਕਾਲੋਨੀ ‘ਚ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਟੀਮ ‘ਤੇ ਤਸਕਰ ਦੇ ਪਰਿਵਾਰਕ ਮੈਂਬਰਾਂ ਨੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੂੰ ਆਪਣੇ ਬਚਾਅ ‘ਚ ਹਵਾਈ ਫਾਇਰਿੰਗ ਕਰਨੀ ਪਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਹੈ।

ਜਾਨਕਾਰੀ ਮੁਤਾਬਿਕ ਬੀਤੇ ਬੁੱਧਵਾਰ ਨੂੰ ਕੋਤਵਾਲੀ ਪੁਲੀਸ ਦੀ ਟੀਮ ਨੇ ਇੱਕ ਨਾਬਾਲਗ ਨੌਜਵਾਨ ਨੂੰ ਛੇ ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਸੀ। ਉਕਤ ਨੌਜਵਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਭਰਾ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਪੁਲਸ ਨੇ ਉਕਤ ਨਸ਼ਾ ਤਸਕਰ ਨੂੰ ਫੜਨ ਲਈ ਸਥਾਨਕ ਧੋਬੀਆਣਾ ਬਸਤੀ ‘ਚ ਛਾਪਾ ਮਾਰਿਆ। ਇਸ ਦੌਰਾਨ ਉਥੇ ਮੌਜੂਦ ਕੁਝ ਔਰਤਾਂ ਅਤੇ ਮਰਦਾਂ ਨੇ ਪੁਲਿਸ ‘ਤੇ ਪਥਰਾਅ ਕੀਤਾ। ਸੂਤਰਾਂ ਮੁਤਾਬਕ ਪੁਲਿਸ ਨੇ ਆਪਣੇ ਬਚਾਅ ਲਈ ਹਵਾ ਵਿੱਚ ਗੋਲੀ ਵੀ ਚਲਾਈ।





ਦੂਜੇ ਪਾਸੇ ਮੁਹੱਲਾ ਵਾਸੀਆਂ ਨੇ ਪੁਲੀਸ ‘ਤੇ ਕੁੱਟਮਾਰ ਦੇ ਇਲਜ਼ਾਮ ਲਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਪੁਲਸ ਨੇ ਇਲਾਕੇ ਦੇ ਕਈ ਘਰਾਂ ‘ਚ ਦਾਖਲ ਹੋ ਕੇ ਭੰਨਤੋੜ ਕੀਤੀ ਹੈ। ਇਲਾਕਾ ਨਿਵਾਸੀਆਂ ਦੇ ਪੁਲਿਸ ਤੇ ਇਹ ਵੀ ਇਲਜ਼ਾਮ ਹਨ ਕਿ ਉਹਨਾਂ ਨੇ ਅਸਲ ਨਸ਼ਾ ਤਸਕਰਾਂ ਨੂੰ ਫੜਨ ਦੀ ਬਜਾਏ ਕਈ ਬੇਕਸੂਰ ਮਰਦ-ਔਰਤਾਂ ਨੂੰ ਹਿਰਾਸਤ ਵਿਚ ਲਿਆ ਹੈ, ਜਦਕਿ ਨਸ਼ਾ ਤਸਕਰ ਅਜੇ ਵੀ ਬਾਹਰ ਘੁੰਮ ਰਹੇ ਹਨ। ਜਦੋਂ ਇਸ ਸਬੰਧੀ ਪੁਲਿਸ ਦਾ ਪੱਖ ਜਾਣਨ ਲਈ ਸਬੰਧਿਤ ਥਾਣੇ ਦੇ ਐਸ.ਐਚ.ਓ ਅਤੇ ਡੀ.ਐਸ.ਪੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ |