ਉਤਰ ਪ੍ਰਦੇਸ਼/ਪ੍ਰਯਾਗਰਾਜ | ਅਤੀਕ ਅਹਿਮਦ ਅਤੇ ਅਸ਼ਰਫ ਕਤਲ ਕੇਸ ਵਿਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੇ ਕਤਲ ਲਈ ਸੁਪਾਰੀ ਦਿੱਤੀ ਗਈ ਸੀ। ਇਹ ਵੀ ਪਤਾ ਲੱਗਿਆ ਹੈ ਕਿ ਕਾਤਲਾਂ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ 10-10 ਲੱਖ ਰੁਪਏ ਐਡਵਾਂਸ ਵਜੋਂ ਦਿੱਤੇ ਗਏ ਸਨ। ਤਿੰਨ ਮੁਲਜ਼ਮਾਂ ਵਿਚੋਂ ਇਕ ਮੋਹਿਤ ਉਰਫ਼ ਸੰਨੀ ਜੇਲ੍ਹ ਵਿਚ ਹੀ ਹੈਂਡਲਰ ਦੇ ਸੰਪਰਕ ਵਿਚ ਆਇਆ ਸੀ, ਜਿਥੇ ਉਸ ਨੂੰ ਕਤਲ ਕਰਨ ਦੀ ਸੁਪਾਰੀ ਦਿੱਤੀ ਗਈ ਸੀ। ਇਹ ਵੀ ਪਤਾ ਲੱਗਿਆ ਹੈ ਕਿ ਹੈਂਡਲਰ ਨੇ ਤਿੰਨਾਂ ਨੂੰ ਪਿਸਤੌਲ ਅਤੇ ਕਾਰਤੂਸ ਵੀ ਮੁਹੱਈਆ ਕਰਵਾਏ ਸਨ।
ਇਸ ਤੋਂ ਇਲਾਵਾ ਕਤਲ ਵਿਚ ਸ਼ਾਮਲ ਤਿੰਨਾਂ ਹਮਲਾਵਰਾਂ ਦੇ ਆਪਸੀ ਸਬੰਧ ਸਾਹਮਣੇ ਆਏ ਹਨ। ਪਹਿਲਾਂ ਇਨ੍ਹਾਂ ਤਿੰਨਾਂ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਕਾਰਨ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ। ਅਤੀਕ ਅਹਿਮਦ ਨੂੰ ਮਾਰਨ ਵਾਲਾ ਲਵਲੇਸ਼ ਤਿਵਾੜੀ ਬਾਂਦਾ ਦਾ ਰਹਿਣ ਵਾਲਾ ਹੈ। ਜਦਕਿ ਸੰਨੀ ਸਿੰਘ ਹਮੀਰਪੁਰ ਅਤੇ ਅਰੁਣ ਮੌਰੀਆ ਕਾਸਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਤਿੰਨਾਂ ਦੇ ਪਰਿਵਾਰਕ ਪਿਛੋਕੜ ਅਤੇ ਵੱਖ-ਵੱਖ ਜ਼ਿਲ੍ਹਿਆਂ ਕਾਰਨ ਰਿਸ਼ਤੇ ‘ਤੇ ਸਵਾਲ ਖੜ੍ਹੇ ਹੋ ਰਹੇ ਸਨ। ਦਾਅਵਾ ਕੀਤਾ ਗਿਆ ਹੈ ਕਿ ਅਤੀਕ ਅਹਿਮਦ ‘ਤੇ ਗੋਲੀ ਚਲਾਉਣ ਵਾਲੇ ਸੰਨੀ ਸਿੰਘ, ਲਵਲੇਸ਼ ਤਿਵਾੜੀ ਅਤੇ ਅਰੁਣ ਮੌਰਿਆ ਦੀ ਪਛਾਣ ਪਹਿਲਾਂ ਤੋਂ ਹੀ ਸੀ।