ਆਸ਼ੀਰਵਾਦ ਸਕੀਮ : ਜ਼ਿਲ੍ਹਾ ਦਫ਼ਤਰਾਂ ‘ਚ ਬਿਨੈਕਾਰਾਂ ਨੂੰ ਆਨਲਾਈਨ ਪੋਰਟਲ ‘ਤੇ ਅਪਲਾਈ ਕਰਨ ਦੀ ਮਿਲੇਗੀ ਮੁਫ਼ਤ ਸਹੂਲਤ

0
365

ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਦੀ ਪ੍ਰਕਿਰਿਆ ਹੋਰ ਸੁਖਾਲਾ ਬਣਾਉਂਦਿਆਂ ਆਨਲਾਈਨ ਪੋਰਟਲ https://ashirwad.punjab.gov.in ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪੱਛੜੀਆਂ ਜਾਤੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੀਆਂ ਲੜਕੀਆਂ ਦੇ ਵਿਆਹ ਸਮੇਂ ਵਿੱਤੀ ਸਹਾਇਤਾਂ ਦਿੱਤੀ ਜਾਂਦੀ ਹੈ, ਜਿਸ ਲਈ ਕਾਗਜ਼ੀ ਕਾਰਵਾਈ ਵਿਚ ਕਾਫੀ ਸਮਾਂ ਲੱਗ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦੇ ਮੰਤਵ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਜਿਥੇ ਲੋਕਾਂ ਦਾ ਕੀਮਤੀ ਸਮਾਂ ਬਚੇਗਾ, ਉਥੇ ਨਾਲ ਹੀ ਬਹੁਤ ਘੱਟ ਸਮੇਂ ਵਿਚ ਲਾਭਪਾਤਰੀ ਨੂੰ ਵਿੱਤੀ ਸਹਾਇਤਾ ਵੀ ਪ੍ਰਾਪਤ ਹੋ ਜਾਵੇਗੀ ਅਤੇ ਇਸ ਦੇ ਨਾਲ ਹੀ ਸਿਸਟਮ ਵਿਚ ਪਾਰਦਰਸ਼ਤਾ ਆਵੇਗੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਬਿਨੈਕਾਰ https://ashirwad.punjab.gov.in ਪੋਰਟਲ `ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਕੋਈ ਵੀ ਆਸ਼ੀਰਵਾਦ ਸਕੀਮ ਦੀ ਫਾਇਲ ਦਫਤਰ ਵਿਖੇ ਜਾਂ ਸੇਵਾ ਕੇਂਦਰ ਵਿਚ ਪ੍ਰਾਪਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਬਿਨੈਕਾਰ ਵੱਲੋਂ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਆਸ਼ੀਰਵਾਦ ਸਕੀਮ ਪੋਰਟਲ ‘ਤੇ ਅਪਲਾਈ ਕੀਤਾ ਜਾਵੇ। ਜੇਕਰ ਕੋਈ ਬਿਨੈਕਾਰ ਇਸ ਸਮੇਂ ਦੌਰਾਨ ਅਪਲਾਈ ਨਹੀਂ ਕਰ ਸਕਿਆ ਤਾਂ ਉਹ ਵਿਆਹ ਤੋਂ ਬਾਅਦ ਇਕ ਮਹੀਨੇ ਦੇ ਅੰਦਰ-ਅੰਦਰ ਅਪਲਾਈ ਕਰ ਸਕਦਾ ਹੈ। ਉਸ ਉਪਰੰਤ ਪੋਰਟਲ ‘ਤੇ ਅਪਲਾਈ ਕੀਤਾ ਬਿਨੈਪੱਤਰ ਸਵੀਕਾਰਯੋਗ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਿਨੈਕਾਰ ਨਿਰਧਾਰਤ ਸਮੇਂ ਅੰਦਰ ਹੀ ਅਪਲਾਈ ਕਰੇ ਤਾਂ ਜੋਂ ਸਮੇਂ-ਸਿਰ ਲਾਭ ਪ੍ਰਾਪਤ ਕਰ ਸਕੇ।

ਕੈਬਨਿਟ ਮੰਤਰੀ ਨੇ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ ਪੋਰਟਲ ‘ਤੇ ਅਪਲਾਈ ਕਰਨ ਲਈ ਕਿਸੇ ਪ੍ਰਾਈਵੇਟ ਸਾਈਬਰ ਕੈਫੇ ‘ਤੇ ਪੈਸੇ ਦੇ ਕੇ ਅਪਲਾਈ ਕਰਨ ਦੀ ਬਜਾਏ ਸਬੰਧਤ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ ਦੇ ਦਫ਼ਤਰ ਵਿਖੇ ਜਾਣ, ਜਿੱਥੇ ਉਨ੍ਹਾਂ ਨੂੰ ਇਹ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।