ਜਲੰਧਰ/ਬਠਿੰਡਾ, 17 ਦਸੰਬਰ | ਆਮ ਆਦਮੀ ਪਾਰਟੀ ਵੱਲੋਂ ਅੱਜ ਬਠਿੰਡਾ ਦੇ ਮੌੜ ਮੰਡੀ ਵਿਖੇ ‘ਵਿਕਾਸ ਕ੍ਰਾਂਤੀ ਰੈਲੀ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਬਠਿੰਡਾ ਵਾਸੀਆਂ ਲਈ 1125 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਪੈਕੇਜ ਦਿੱਤਾ ਗਿਆ, ਉਥੇ ਹੀ ਦੋਵੇਂ ਮੁੱਖ ਮੰਤਰੀਆਂ ਵੱਲੋਂ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ।
ਵਿਰੋਧੀਆਂ ‘ਤੇ ਨਿਸ਼ਾਨਾ ਲਾਉਂਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਤੱਕ ਕਿਸੇ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ। ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੇ ਰਹੀ ਹੈ। ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦਾ ਧਿਆਨ ਰੱਖ ਰਹੀ ਹੈ। ਪੰਜਾਬ ਵਿਚ ਵਿਕਾਸ ਦੇ ਕੰਮਾਂ ਨੂੰ ਹੁੰਦਿਆਂ ਵੇਖ ਸਾਰੀਆਂ ਪਾਰਟੀਆਂ ਸਾਡੇ ਖ਼ਿਲਾਫ਼ ਹੋ ਰਹੀਆਂ ਹਨ ਅਤੇ ਕੇਂਦਰ ਕੋਲ ਜਾ ਰਹੀਆਂ ਹਨ।
ਕੇਂਦਰ ਸਰਕਾਰ ਨੇ ਪੰਜਾਬ ਲਈ ਸਿਹਤ ਦਾ ਪੈਸਾ ਰੋਕ ਦਿੱਤਾ ਹੈ। ਕੇਂਦਰ ਸਰਕਾਰ ਨੇ ਸਾਢੇ 5 ਹਜ਼ਾਰ ਕਰੋੜ ਰੁਪਏ ਸੜਕਾਂ ਬਣਾਉਣ ਦਾ ਰੋਕਿਆ ਹੈ। ਉਨ੍ਹਾਂ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਇਨ੍ਹਾਂ ਨੇ ਹਜ਼ੂਰ ਸਾਹਿਬ, ਨਾਂਦੇੜ ਸਾਹਿਬ, ਸ੍ਰੀ ਪਟਨਾ ਸਾਹਿਬ ਜਾਣ ਵਾਲੀ ਟਰੇਨ ਦਾ ਇੰਜਣ ਵੀ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਪਰਸੋਂ ਕੇਂਦਰ ਸਰਕਾਰ ਦੀ ਚਿੱਠੀ ਆਈ ਹੈ ਕਿ ਅਸੀਂ ਤੁਹਾਨੂੰ ਮੱਥਾ ਟੇਕਣ ਜਾਣ ਲਈ ਟਰੇਨ ਨਹੀਂ ਦੇਵਾਂਗੇ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵੀ ਕੇਂਦਰ ਸਰਕਾਰ ਵੱਲੋਂ ਕੰਮ ਕਰਨ ਨੂੰ ਲੈ ਕੇ ਸਾਨੂੰ ਰੋਕਿਆ ਗਿਆ ਸੀ ਪਰ ਅਸੀਂ ਲੋਕਾਂ ਲਈ ਵਿਕਾਸ ਕਾਰਜ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੋ ਮਰਜ਼ੀ ਕਰ ਲਵੇ ਲੋਕਾਂ ਲਈ ਕੀਤੇ ਜਾ ਰਹੇ ਕੰਮ ਨਹੀਂ ਰੁਕਣਗੇ। ਇਨ੍ਹਾਂ ਦੇ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣਗੇ। ਪੰਜਾਬ ਨੂੰ ਰੰਗਲਾ ਬਣਾਉਣ ਦਾ ਜੋ ਸੁਪਨਾ ਵੇਖਿਆ ਹੈ, ਉਸ ਨੂੰ ਅਸੀਂ ਮਿਲ ਕੇ ਪੂਰਾ ਕਰਾਂਗੇ।
ਉਥੇ ਹੀ 2024 ਵਿਚ ਹੋਣ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਦਾਅਵਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚੋਂ ਵਿਰੋਧੀਆਂ ਦੀ ਪੱਕੀ ਛੁੱਟੀ ਕਰਾਂਗੇ ਅਤੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਜਿੱਤ ਦਰਜ ਕਰਾਂਗੇ। ਉਨ੍ਹਾਂ ਚੰਡੀਗੜ੍ਹ ਦੀ ਸੀਟ ‘ਤੇ ਵੀ ਜਿੱਤ ਦਰਜ ਕਰਨ ਦਾ ਦਾਅਵਾ ਕੀਤਾ।
ਅਕਾਲੀਆਂ ‘ਤੇ ਵਰ੍ਹਦਿਆਂ ਕੇਜਰੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਇੰਨੇ ਸਾਲ ਰਾਜ ਕੀਤਾ ਪਰ ਬਠਿੰਡਾ ਲਈ ਕੋਈ ਕੰਮ ਨਹੀਂ ਕੀਤਾ। ਮੈਂ ਚੈਲੰਜ ਕਰਦਾ ਹਾਂ ਕਿ 75 ਸਾਲਾਂ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸੀ ਬਠਿੰਡਾ ਵਿਚ ਕੀਤੇ ਵਿਕਾਸ ਕੰਮਾਂ ਵਿਚੋਂ ਇਕ ਵੀ ਕੰਮ ਦੱਸ ਦੇਣ, ਜੋ ਇਨ੍ਹਾਂ ਨੇ ਕੀਤਾ ਹੋਵੇ। ਭਗਵੰਤ ਮਾਨ ਸਰਕਾਰ ਦੀਆਂ ਉਪਲੱਧੀਆਂ ਗਿਣਾਉਂਦੇ ਉਨ੍ਹਾਂ ਕਿਹਾ ਕਿ ਡੇਢ ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਬਣੀ ਸੀ ਤਾਂ 8-8 ਘੰਟੇ ਬਿਜਲੀ ਦੇ ਕੱਟ ਲੱਗਦੇ ਸਨ ਪਰ ਹੁਣ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਬਿਜਲੀ ਦੇ ਬਿੱਲ ‘0’ ਆ ਰਹੇ ਹਨ। ਪਿਛਲੀਆਂ ਸਰਕਾਰਾਂ 10 ਰੁਪਏ ਦਾ ਕੰਮ 100 ਰੁਪਏ ਵਿਚ ਕਰਵਾਉਂਦੀਆਂ ਸਨ ਪਰ ਅਸੀਂ 10 ਰੁਪਏ ਦਾ ਕੰਮ 8 ਰੁਪਏ ਵਿਚ ਕਰਵਾ ਰਹੇ ਹਾਂ।