ਸ਼ਹੀਦ ਸ਼੍ਰੀ ਮਦਨ ਲਾਲ ਢੀਂਗਰਾ ਨੂੰ ਨਮਨ ਕਰਦਿਆਂ

0
33548

-ਰਜਨੀਸ਼ ਕੌਰ ਰੰਧਾਵਾ

ਮੈਨੂੰ ਯਾਦ ਹੈ, ਬਚਪਨ ‘ਚ ਤੀਸਰੀ ਜਾਂ ਚੌਥੀ ਕਲਾਸ ਵਿਚ ‘ਮਦਨ ਲਾਲ ਢੀਂਗਰਾਂ’ ‘ਤੇ ਇਕ ਲੇਖ ਪਾਠ ਪੁਸਤਕ ਵਿਚ ਹੁੰਦਾ ਸੀ। ਜਿਸ ਨੂੰ ਉਪਰੋ ਉਪਰੋ ਜਾਂ ਪਾਠ ਪੁਸਤਕ ਦਾ ਇਕ ਲੈਸਨ ਹੋਣ ਦੇ ਨਾਤੇ ਹੀ ਪੜ੍ਹਿਆ ਜਾਂਦਾ ਸੀ। ਇਸ ਉਮਰ ਵਿਚ ਬੱਚੇ ਨੂੰ ਸਮਝ ਵੀ ਕੀ ਹੁੰਦੀ ਹੈ ਕਿ ਇਹ ਵਿਅਕਤੀ ਕੌਣ ਹੈ, ਕੀ ਇਸਦੀਆਂ ਪ੍ਰਾਪਤੀਆਂ ਸਨ? ਉਦੋਂ ਭਗਤ ਸਿੰਘ ਹੋਰਾਂ ਦੀ ਜੀਵਨੀ ਵੀ ਇਕ ਫਿਲਮੀ ਕਲਾਕਾਰਾਂ ਦੇ ਰੂਪ ਵਿਚ ਹੀ ਜ਼ਿਹਨ ‘ਚ ਆਉਂਦੀ ਸੀ। ਜਿਓਂ ਜਿਓਂ ਵੱਡੀਆਂ ਕਲਾਸਾਂ ‘ਚ ਹੁੰਦੀ ਗਈ ਸਮਝ ਵੀ ਕੁੱਝ ਵੱਧਦੀ ਗਈ। ਪਰ ਸੋਚਦੀ ਹਾਂ ਜੇਕਰ ਪਾਸ ਹੋਣ ਯੋਗ ਨੰਬਰ ਲੈਣ ਜਾਂ ਸਲੇਬਸ ਦੀਆਂ ਕਿਤਾਬਾਂ ਤੱਕ ਹੀ ਸੀਮਤ ਰਹਿ ਜਾਂਦੀ ਤਾਂ ਸ਼ਾਇਦ ਅੱਜ ਉਹ ਮਹਾਨ ਪੁਰਸ਼ਾਂ ਜਿਨ੍ਹਾਂ ਦੇ ਬਲਿਦਾਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਸੁੱਖ ਮਾਣ ਰਹੇ ਹਾਂ ਉਹ ਮੇਰੀਆਂ ਨਜ਼ਰਾਂ ‘ਚ ਅਣਗੌਲਿਆ ਹੀ ਰਹਿ ਜਾਂਦੇ। ਇਹ ਕਿੰਨਾ ਮੰਦਭਾਗਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਆਪਣੇ ਜੀਵਨ ਦੀਆਂ ਆਹੂਤੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਦੇ ਬਲਿਦਾਨ ਨੂੰ ਉਨ੍ਹਾਂ ਦੇ ਵਿਰਸੇ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਕਿੰਨਾ ਕੁ ਸੰਭਾਲ ਕੇ ਰੱਖ ਰਹੀ ਹੈ ਇਹ ਸਾਡੀ ਕੰਮਜ਼ੋਰੀ ਦਾ ਚਿੰਨ ਬਣਦਾ ਜਾ ਰਿਹਾ ਹੈ। ਆਪਣੇ ਸੁੱਖ ਆਰਾਮ ਦੀ ਜ਼ਿੰਦਗੀ ਭੁੱਲ ਕੇ ਦੁਨੀਆਂ ਦੇ ਉਜਵੱਲ ਭਵਿੱਖ ਲਈ ਕੁਰਬਾਨੀਆਂ ਦੇਣ ਵਾਲੇ ਯੁੱਗ ਪਲਟਾਊ ਯੋਧੇ ਇਸ ਧਰਤੀ ‘ਤੇ ਜਨਮ ਲੈਂਦੇ ਰਹਿੰਦੇ ਹਨ। ਅਜਿਹੇ ਹੀ ਵੀਹਵੀਂ ਸਦੀ ਦੇ ਦੇਸ਼ ਭਗਤ ਬੁੱਧੀਜੀਵੀ ਅਤੇ ਪੰਜਾਬ ਦੇ ਪਹਿਲੇ ਵਿਦਰੋਹੀ ਮੰਨੇ ਜਾਂਦੇ ਸ਼ਹੀਦ, ‘ਸ਼ਹੀਦ ਮਦਨ ਲਾਲ ਢੀਂਗਰਾ’ ਹਨ।

ਸ਼ਹੀਦ ਮਦਨ ਲਾਲ ਢੀਂਗਰਾ ਦਾ ਜਨਮ 18 ਸਤੰਬਰ 1883 ਨੂੰ ਅੰਮ੍ਰਿਤਸਰ ਦੇ ਇਕ ਬਹੁਤ ਵੱਡੇ ਅਮੀਰ ਪਰਵਾਰ ਵਿਚ ਹੋਇਆ ਸੀ। ਉਹਨਾਂ ਦਾ ਪਿਤਾ ਡਾ. ਦਿੱਤਾ ਮੱਲ ਸਿਵਲ ਸਰਜਨ ਵਜੋਂ ਰਿਟਾਇਰ ਹੋਏ ਸਨ ਅਤੇ ਅੰਗਰੇਜ ਸਰਕਾਰ ਨੇ ਉਸ ਦੀਆਂ ‘ਸਰਕਾਰ ਪੱਖੀ ਸੇਵਾਵਾਂ’ ਤੋਂ ਖੁਸ਼ ਹੋ ਕੇ ‘ਰਾਏ ਸਾਹਿਬ’ ਦਾ ਖਿਤਾਬ ਦਿੱਤਾ ਹੋਇਆ ਸੀ। ਬੀ.ਏ. ਪਾਸ ਕਰਨ ਉਪਰੰਤ ਮਦਨ ਲਾਲ ਇੰਗਲੈਂਡ ਪੜ੍ਹਨ ਲਈ ਚਲੇ ਗਏ। ਉਥੇ ਪੁੱਜਣ ਪਿਛੋਂ ਅਕਤੂਬਰ 1906 ਵਿਚ ਉਸਨੇ ਯੂਨੀਵਰਸਿਟੀ ਕਾਲਜ ਆਫ ਲੰਡਨ ‘ਚ ਮਕੈਨਿਕਲ ਇੰਜੀਨੀਅਰਿੰਗ ਦੀ ਡਿਗਰੀ ਲਈ ਦਾਖਲਾ ਲੈ ਲਿਆ। ਸੁਦੇਸ਼ੀ ਦੀ ਲਹਿਰ ਦਾ ਅਸਰ ਇਗਲੈਂਡ ਵਿਚ ਵੀ ਪੁੱਜ ਚੁੱਕਾ ਸੀ ਅਤੇ ਇੰਗਲੈਂਡ ਪੁੱਜਦਿਆਂ ਹੀ ਸ਼੍ਰੀ ਸਾਵਰਕਰ ਦੀ ਇੰਡੀਅਨ ਹਾਊਸ ਨਾਮਕ ਸਭਾ ਦੇ ਮੈਂਬਰ ਵੀ ਬਣ ਗਏ। 1908 ਵਿਚ ਅਲੀਪੁਰ ਦੀ ਸਾਜ਼ਸ ਦਾ ਮੁਕੱਦਮਾ ਖੜਾ ਹੋ ਗਿਆ।

ਸ਼੍ਰੀ ਕਨਹਾਈ ਤੇ ਸ਼੍ਰੀ ਸਤੇਂਦਰ ਨਾਥ ਨੂੰ ਫਾਂਸੀ ਮਿਲ ਗਈ। ਧਰਿੰਦਰ ਤੇ ਉਲਾਸ਼ਕਰ ਦੱਤ ਨੂੰ ਵੀ ਉਸ ਵੇਲੇ ਫਾਂਸੀ ਦੀ ਸਜ਼ਾ ਹੀ ਸੁਣਾਈ ਗਈ ਸੀ। ਇਹ ਖਬਰਾਂ ਇੰਗਲੈਂਡ ਵਿਚ ਵੀ ਪੁੱਜੀਆਂ। ਮਦਨ ਲਾਲ ਢੀਂਗਰਾ ਬਹੁਤ ਹੀ ਨਿਡਰ ਤੇ ਭਾਵੁਕ ਨੌਜਵਾਨ ਸੀ। ਸੁਭਾਵਕ ਹੀ ਸੀ ਕਿ ਮਦਨ ਲਾਲ ਢੀਂਗਰੇ ਵਰਗੇ ਸੰਵੇਦਨਸ਼ੀਲ ਨੌਜਵਾਨ ‘ਤੇ ਇਨ੍ਹਾਂ ਘਟਨਾਵਾਂ ਦਾ ਅਸਰ ਹੋਣਾ। ਭਗਤ ਸਿੰਘ ਨੇ ਵੀ ਮਦਨ ਲਾਲ ਢੀਂਗਰਾ ਬਾਰੇ ਲਿਖੇ ਆਪਣੇ ਇਕ ਲੇਖ ਵਿਚ ਉਹਨਾਂ ਬਾਰੇ ਬਿਆਨ ਕੀਤਾ ਸੀ ਕਿ ਮਦਨ ਲਾਲ ਢੀਂਗਰਾ ਦਾ ਸੁਭਾਅ ਬਹੁਤ ਹੀ ਕੌਮਲ ਤੇ ਭਾਵੁਕ ਸੀ । ਉਹ ਕਲਾਂ ਦੇ ਪ੍ਰੇਮੀ ਵੀ ਸਨ। ਭਗਤ ਸਿੰਘ ਨੇ ਇਕ ਮਸ਼ਹੂਰ ਬਰਤਾਨਵੀ ਜਸੂਸ ਈ. ਟੀ. ਵੁੱਡਹਾਲ ਦਾ ਹਵਾਲਾ ਦਿੱਤਾ ਹੈ ਜਿਹੜਾ ਕਿ ਮਦਨ ਲਾਲ ਢੀਂਗਰਾ ਦੀ ਜਸੂਸੀ ਲਈ ਉਸ ਪਿੱਛੇ ਲਗਾਇਆ ਹੋਇਆ ਸੀ, ਜਿਹੜਾ ਲਿਖਦਾ ਹੈ, “ਢੀਗਰਾ ਇਕ ਅਸਧਾਰਨ ਵਿਅਕਤੀ ਹੈ …. ਢੀਂਗਰਾ ਦਾ ਫੁੱਲਾਂ ਪ੍ਰਤੀ ਖਾਸ ਮੋਹ ਸੀ ….. ਕਿਸੇ ਸੁੰਦਰ ਜਹੀ ਗੁੱਠ ਵਿਚ ਬੈਠ ਜਾਂਦੇ ਸਨ ਅਤੇ ਕਈ ਕਈ ਘੰਟੇ ਉਹ ਫੁੱਲਾਂ ਵੱਲ ਬੜੇ ਮਸਤ ਕਵੀ ਵਾਂਗੂੰ ਮਸਤ ਹੋ ਕੇ ਦੇਖਦੇ ਰਹਿੰਦੇ ਸਨ ਅਤੇ ਕਦੇ ਉਨ੍ਹਾਂ ਦੀਆਂ ਅੱਖੀਆਂ ਵਿੱਚੋਂ ਬੜੀ ਤੇਜ਼ ਰੌਸ਼ਨੀ ਨਿਕਲਦੀ ਸੀ ….. ਇਸ ਬੰਦੇ ਉੱਤੇ ਖਾਸ ਨਜ਼ਰ ਰੱਖਣੀ ਚਾਹੀਦੀ ਹੈ। ਕਿਸੇ ਨਾ ਕਿਸੇ ਦਿਨ ਭੜਥੂ ਪਾਏਗਾ ” ।

ਨੌਜਵਾਨਾਂ ਅੰਦਰ ਵੀ ਹੋਰ ਗੁੱਸੇ ਦੀਆਂ ਲਹਿਰਾਂ ਉਠਣ ਲੱਗ ਪਈਆਂ ਸਨ। ਕਹਿੰਦੇ ਹਨ ਕਿ ਸਾਵਰਕਰ ਨੇ ਮਦਨ ਲਾਲ ਢੀਂਗਰਾਂ ਦੀ ਦੇਸ਼ ਭਗਤੀ ਦੀ ਪਰਖ ਕਰਨ ਲਈ ਮਦਨ ਲਾਲ ਨੂੰ ਜ਼ਮੀਨ ‘ਤੇ ਹੱਥ ਰੱਖਣ ਵਾਸਤੇ ਕਹਿਕੇ ਸਾਵਰਕਰ ਨੇ ਹੱਥ ਉਤੇ ਸੂਆ ਮਾਰ ਦਿੱਤਾ। ਪਰ ਮਦਨ ਲਾਲ ਢੀਂਗਰਾ ਨੇ ਸੀ ਤੱਕ ਨਹੀਂ ਸੀ ਕੀਤੀ। ਦੋਨਾਂ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ, ਦੋਵੇਂ ਇਕ ਦੂਜੇ ਨੂੰ ਜੱਫੀ ਪਾ ਕੇ ਕਾਫੀ ਚਿਰ ਖੜੇ ਰਹੇ।
ਉਸ ਸਮੇਂ ਦੀਆਂ ਹਾਕਮ ਸਰਕਾਰਾਂ ਇੰਗਲੈਂਡ ਵਿਚ ਗਏ ਹੋਏ ਭਾਰਤੀ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨਾਂ ਉਪਰ ਨਜ਼ਰ ਰੱਖਦੇ ਸਨ। ਭਾਰਤੀ ਵਿਦਿਆਰਥੀਆਂ ਤੇ ਖਾਸ ਖੁਫੀਆ ਪੁਲਿਸ ਦਾ ਪ੍ਰਬੰਧ ਕਰਨ ਵਾਲੇ ਸਰ ਕਰਜ਼ਨ ਵਾਇਲੀ ਜੋ ਕਿ Secretary of state for 9ndia ਦੇ ਏਡ-ਡੀ- ਕਾਂਪ (1id-decamp) ਸਨ। ਸਰ ਵਿਲੀਅਮ ਹਟ ਕਰਜ਼ਨ ਵਾਈਲੀ ਜਿਹੜਾ ਕਿ ਫੌਜ ਵਿਚ ਲੈਫਟੀਨੈਂਟ ਕਰਨਲ ਸੀ ਅਤੇ ਭਾਰਤੀ ਮਾਮਲਿਆਂ ਦੇ ਮੰਤਰੀ ਦਾ ਵਿਸ਼ੇਸ਼ ਸਲਾਹਕਾਰ ਵੀ ਸੀ। ਇਸ ਦੀ ਅਗਵਾਈ ਵਿਚ ਹੀ ਬ੍ਰਿਟਿਸ਼ ਸਰਕਾਰ ਵਲੋਂ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਚਲਾਈ ਜਾ ਰਹੀ ਸੀ। ਜਿਸ ਦਾ ਕੰਮ ਸੀ ਕਿ ਲੰਡਨ ਵਿਚ ਅੰਗਰੇਜ਼ ਤੇ ਭਾਰਤੀ ਲੋਕਾਂ ਵਿਚਕਾਰ ਮਿਲਵਰਤਨ ਵਧਾਉਣਾ ਸੀ ਪਰ ਅਸਲ ਵਿਚ ਇਹ ਭਾਰਤੀ ਵਿਦਿਆਰਥੀਆਂ ਦੀ ਜਸੂਸੀ ਕਰਨ ਲਈ ਬਣਾਈ ਗਈ ਖ਼ੁਫੀਆ ਸੰਸਥਾ ਸੀ। ਇਨ੍ਹਾਂ ਕਾਰਨਾਂ ਕਰਕੇ ਕਰਜ਼ਨ ਵਇਲੀ, ਸ਼ਹੀਦ ਢੀਂਗਰਾ ਅਤੇ ਉਸ ਸਮੇਂ ਦੇ ਗਰਮ ਖਿਆਲੀ ਨੌਜਵਾਨਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ ਸੀ।

1 ਜੁਲਾਈ 1909 ਨੂੰ ਇੰਪੀਰੀਅਲ ਇੰਸਟੀਚਿਊਟ ਦੇ ਜਹਾਂਗੀਰ ਹਾਲ ਵਿਚ ਇਕ ਇਕੱਠ ਸੀ। ਸਰ ਕਰਜ਼ਨ ਵਾਇਲੀ ਵੀ ਉਥੇ ਗਏ ਹੋਏ ਸਨ। ਉਹ ਦੋ ਹੋਰ ਲੋਕਾਂ ਨਾਲ ਗੱਲਾਂ ਕਰ ਰਹੇ ਸਨ ਕਿ ਮਦਨ ਲਾਲ ਢੀਂਗਰਾ ਹੋਰਾਂ ਨੇ ਪਿਸਤੌਲ ਕੱਢ ਕੇ ਉਨਾਂ ਦੇ ਮੂੰਹ ਵੱਲ ਤਾਣ ਦਿੱਤਾ ਅਤੇ ਦੋ ਗੋਲੀਆਂ ਉਹਨਾਂ ਦੇ ਸੀਨੇ ਵਿਚ ਮਾਰ ਕੇ ਉਹਨਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਮਦਨ ਲਾਲ ਢੀਂਗਰਾਂ ਤਾਂ ਫੜ੍ਹੇ ਗਏ। ਇੱਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਨੇ ਵੀ ਪੰਜਾਬ ਤੋਂ ਇਕ ਤਾਰ ਭੇਜ ਕੇ ਇਹ ਕਹਿ ਦਿੱਤਾ ਸੀ ਕਿ ਵਿਦ੍ਰੋਹੀ ਅਤੇ ਹੱਤਿਆਰੇ ਆਦਮੀ ਨੂੰ ਮੈਂ ਆਪਣਾ ਪੁੱਤਰ ਮੰਨਣ ਤੋਂ ਇਨਕਾਰ ਕਰਦਾ ਹਾਂ। ਮੁਕੱਦਮਾ ਚੱਲਿਆ। ਮਦਨ ਲਾਲ ਬੜੇ ਖੁਸ਼ ਸਨ। ਆਪਣੇ ਸਾਹਮਣੇ ਮੌਤ ਖੜੀ ਵੇਖਕੇ ਵੀ ਉਹ ਜ਼ਰਾਂ ਜਿੰਨੇ ਵੀ ਡੋਲੇ ਨਹੀਂ ਸਨ । ਮਦਨ ਲਾਲ ਢੀਂਗਰਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ 17 ਅਗਸਤ 1909 ਨੂੰ ‘ਬੰਦੇ ਮਾਤਰਮ’ ਦੇ ਸ਼ਬਦ ਉਚਾਰਦਾ ਹੋਇਆ ਫਾਂਸੀ ਦੇ ਤਖਤੇ ‘ਤੇ ਜਾ ਚੜਿਆ।
ਨੌਜਵਾਨ ਪੀੜ੍ਹੀ ਨੂੰ ਇਸ ਮਹਾਨ ਸ਼ਹੀਦ ਦੀ ਵਿਰਾਸਤ ਨੂੰ ਸਾਂਭਣਾ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸਮੇਂ ਤਿਆਰਬ ਬਰ ਤਿਆਰ ਰਹਿਣਾ ਹੀ ਇਹੋ ਜਿਹੇ ਛੋਟੀ ਉਮਰ ਵਿਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।