ਸ਼ਬਦਾਂ ਦੇ ਸਾਂਚਿਆਂ ‘ਚ ਕਵਿਤਾ ਪੱਥਦਾ ਕਵੀ ਜਗਦੀਪ ਜਵਾਹਰਕੇ

0
11197

ਅੱਜ ਸਨਮਾਨ ਦਿਵਸ ‘ਤੇ ਵਿਸ਼ੇਸ਼

ਗੁਰਪ੍ਰੀਤ ਡੈਨੀ

“ਅਸਲ ਸਹੀਂ ਗੱਲ ਐ ਜੀ ਅਸੀਂ ਤਾਂ ਆਪਣੇ ਸੁਪਨੇ ਪੱਥ ਦੇ ਐ, ਕੋਈ ਵੀ ਲਾ ਲਓ ਹੁਣ ਕਿਸਾਨ ਐ ਉਹ ਫਸਲ ਤਾਂ ਨੀ ਬੀਜ ਦਾ ਉਹ ਤਾਂ ਆਪਣੇ ਸੁਪਨੇ ਬੀਜ ਦਾ ਹੈ” ਇਹ ਸ਼ਬਦ ਉਹ ਆਪਣੀ ਇਲਾਕੇ ਦੀ ਬੋਲੀ ਵਿਚ ਬੜੇ ਠਰੰਮ੍ਹੇ ਨਾਲ ਬੋਲਿਆ। ਮੈਂਨੂੰ ਉਸ ਦੀ ਬੋਲੀ ਵਿਚ ਸਿਆਣਾ ਬਚਪਨ ਝਲਕਦਾ ਦਿਸਿਆ ਤੇ ਉਸ ਦੀ ਇਕ ਕਵਿਤਾ ‘ਅਜੇ ਵੀ ਬੱਚਾ ਹਾਂ’ ਯਾਦ ਆਈ। ਅਸੀਂ ਦੋਵੇਂ ਹਲਕਾ-ਹਲਕਾ ਹੱਸੇ ਸ਼ਾਇਦ ਉਹ ਮੇਰੇ ਅੰਦਰੋਂ ਹੀ ਆਪਣੀ ਕਵਿਤਾ ਪੜ੍ਹ ਗਿਆ ਸੀ।

ਮੈਨੂੰ ਯਾਦ ਆਇਆ ਮੈਂ ਤਾਂ ਉਸ ਨਾਲ ਕਵਿਤਾ ਦੀਆਂ ਗੱਲਾਂ ਕਰਨੀਆਂ ਨੇ ਤਾਂ ਮੇਰੇ ਉਸ ਦੀ ਆਪਣੀ ਕਵਿਤਾ ਦੀ ਕਿਤਾਬ ਅੱਗੇ ਲਿਖੇ ਇਕ ਪੀਸ ਦੀਆਂ ਕੁਝ ਸਤਰਾਂ ਅੱਖਾਂ ਵਿਚ ਤੈਰਨ ਲੱਗੀਆਂ। “ਕੁਝ ਕੁ ਮਿੰਟਾ ਬਾਅਦ ਮੈਂ ਉਨ੍ਹਾਂ ਤੋਂ ਉਹਨਾਂ ਦੇ ਬਚਪਨ ਬਾਰੇ ਪੁੱਛਿਆ, ਉਹ ਕੁਝ ਸਮੇਂ ਬਾਅਦ ਬੋਲੇ ‘ਮੇਰਾ ਬਚਪਨ ਬੜਾ ਹਸੀਨ ਸੀ ਮੈਂ ਤੇ ਤੇਰਾ ਚਾਚਾ ਤੇ ਸਾਡੇ ਕੁਝ ਮਿੱਤਰ ਸਾਥੀ ਇਕੱਠੇ ਰਹਿੰਦੇ। ਸਾਰਾ ਦਿਨ ਮੌਜ ਮਸਤੀ, ਖੁੱਲ੍ਹਾ ਖਾਂਦੇ-ਪੀਂਦੇ, ਪਹਿਨਣ ਨੂੰ ਖੱਦਰ ਦੇ ਕੱਪੜੇ ਹੁੰਦੇ। ਉਸ ਸਮੇਂ ਪਾਟੇ ਪੁਰਾਣੇ ਕੱਪੜਿਆਂ ਨੂੰ ਕੋਈ ਨਹੀਂ ਦੇਖਦਾ ਸੀ, ਇੰਝ ਹੀ ਪਾਈ ਰੱਖਦੇ। ਉਦੋਂ ਇਕ ਰੁਪਏ ਵਿਚ ਅਸੀਂ ਕਈ ਮੇਲੇ ਘੁੰਮ ਲੈਂਦੇ ਸੀ।“ ਇਹ ਸ਼ਬਦ ਉਸ ਦੇ ਅਮੀਰ ਬਾਪ ਨੇ ਉਸਨੂੰ ਦੱਸੇ ਸਨ ਤਾਂ ਮੈਂ ਇਸ ਦੀ ਕਿਤਾਬ ‘ਉਹ ਮੈਂ ਹੀ ਸੀ’ ਦਾ ਨੌਵਾਂ ਵਰਕਾ ਓਥੱਲਿਆ ਤਾਂ ਕਵਿਤਾ ਖੁੱਲ੍ਹੀ ‘ਅਮੀਰ’ ਮੈਂ ਉਸ ਦਿਨ/ਅਮੀਰ ਹੋ ਜਾਵਾਂਗਾ/ਜਿਸ ਦਿਨ/ਮਾਂ ਲਈ ਸ਼ਾਲ/ਤੇ ਪਿਤਾ ਜੀ ਲਈ/ਲੋਈ ਖਰੀਦਾਂਗਾ। ਮੈਨੂੰ ਇਹ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਲੱਗਾ।

ਹੁਣ ਮੈਂ ਉਸ ਨੂੰ ਜ਼ਿੰਦਗੀ ਬਾਰੇ ਪੁੱਛਣਾ ਸੀ ਯਾਰ ਕੀ ਸੋਚਦਾ ਤੂੰ ਜ਼ਿੰਦਗੀ ਬਾਰੇ “ਜਦੋਂ ਲਿਖਣ ਲੱਗੇ ਤਾਂ ਜ਼ਿੰਦਗੀ ਵੀ ਚੰਗੀ ਲੱਗਣ ਲੱਗੀ ਹਨਾਂ” ਇਹ ਡਾਇਲਾਗ ਮੈਂ ਉਸਦੇ ਬੋਲਣ ਤੋਂ ਪਹਿਲਾਂ ਹੀ ਸਮਝਿਆ ਗਿਆ ਸਾਂ ਕਿ ਉਹ ਇਹੀਂ ਬੋਲੇਗਾ ਕਿਉਂਕਿ ਮੈਂ ਉਸ ਮੂੰਹੋਂ ਪਹਿਲਾਂ ਵੀ ਸੁਣਿਆ ਹੋਇਆ ਸੀ ਤਾਂ ਉਸ ਬੋਲਿਆ ਵੀ ਉਹੀ। ਕਮਾਲ ਦੀਆਂ ਗੱਲਾਂ ਛੋਟੀ ਉਮਰੇ ਜ਼ਿੰਦਗੀ ਬਾਰੇ ਕੀਤੀਆਂ। “ਬੰਦਾ ਜੋ ਕਰਦਾ ਆਪਣੇ ਲਈ ਕਰਦਾ ਮੈਂ ਜੋ ਵੀ ਕੀਤਾ ਚਾਹੇ ਚੰਗਾ ਚਾਹੇ ਮਾੜਾ ਤਾਂ ਉਹ ਮੇਰੇ ਆਪਣੇ ਲਈ ਸੀ ਹਨਾਂ। ਬਾਕੀ ਸ਼ੈਹਰ ਗੁਰਪ੍ਰੀਤ ਮਾਨਸਾ ਜੀ ਤੇ ਉਸਤਾਦ ਤਨਵੀਰ ਜੀ ਤੋਂ ਮੈਂ ਬਹੁਤ ਸਿੱਖਿਆ ਤੇ ਸਿੱਖਦਾ ਰਹਾਂਗਾ। ਮੈਨੂੰ ਫਿਰ ਉਸ ਪੀਸ ਦੀ ਇਕ ਸਤਰ ਯਾਦ ਆਈ, ਰੱਬ ਜੋ ਕਰਦਾ ਚੰਗਾ ਹੀ ਕਰਦਾ। ਉਸ ਦਾ ਸੁਭਾਅ ਮੈਨੂੰ ਬਹੁਤ ਸਹਿਜ ਲੱਗਾ।

ਜਗਦੀਪ ਜਵਾਹਰਕੇ ਹਾਸੇ ਨਾਲ ਇਕਮਿਕ।

ਹੁਣ ਵਾਰੀ ਬਚਪਨ ਦੀ ਸੀ। ਬਚਪਨ ਬਾਰੇ ਦੱਸਦਾ ਉਹ ਕਈ ਵਾਰ ਰੁੱਕ-ਰੁੱਕ ਬੋਲਿਆ ਸ਼ਾਇਦ ਉਸ ਨੂੰ ਉਹ ਵਕਤ ਯਾਦ ਆ ਰਿਹਾ ਸੀ ਜਦੋਂ ਉਹ ਤਤਲਾ ਕੇ ਬੋਲਦਾ ਸੀ। ਉਸ ਦੱਸਿਆ ਮੇਰਾ ਸਕੂਲ ਵਿਚ ਮਜ਼ਾਕ ਉਡਾਇਆ ਜਾਂਦਾ ਸੀ ਮੁੰਡੇ ਮੈਨੂੰ ਛੇੜਦੇ ਪਰ ਸ਼ਰਮ ਮੈਨੂੰ ਕੁੜੀਆਂ ਤੋਂ ਆਉਂਦੀ ਸੀ। ਮੈਂ ਸਕੂਲੋਂ ਹਟ ਗਿਆ ਤਾਂ ਅੱਠ ਮਹੀਨੇ ਘਰ ਹੀ ਰਿਹਾ। ਫਿਰ ਮੈਂ ਮਨ ਕਰੜਾ ਕਰ ਦੁਬਾਰਾ ਛੇਵੀਂ ਜਮਾਤ ਵਿਚ ਦਾਖਲ ਹੋਇਆ। ਹੁਣ ਨਾ ਕੋਈ ਮੈਨੂੰ ਛੇੜਦਾ ਤੇ ਜੇ ਕੋਈ ਹਰਕਤ ਕਰਦਾ ਤਾਂ ਮੈਂ ਉਸ ਨੂੰ ਕੁੱਟ ਦਿੰਦਾ ਹੁਣ ਮੈਂ ਤਕੜਾ ਹੋ ਚੁੱਕਿਆ ਸੀ ਅੰਦਰੋਂ ਵੀ ਤੇ ਬਾਹਰੋਂ ਵੀ।

ਹੁਣ ਅਸੀਂ ਭੱਠੇ ਵੱਲ ਨੂੰ ਮੁੜਨ ਦੀ ਬਜਾਏ ਅਨੁਭਵ ਤੇ ਕਵਿਤਾ ਵੱਲ ਫਿਰ ਮੁੜੇ ਸਾਂ। ਦੱਸ ਯਾਰ ਕੀ ਐ ਕਵਿਤਾ ਤੇ ਅਨੁਭਵ ਮੈਂ ਆਪਣਾ ਸਵਾਲ ਉਸ ਹੱਥ ਫੜਾਇਆ। ‘ਦੇਖੋ ਮੈਂ ਫੌਜ ਦਾ ਜੀਵਨ ਨਹੀਂ ਦੇਖਿਆ ਤਾਂ ਮੈਂ ਉਸ ਦੀ ਗੱਲ ਨਹੀਂ ਕਰ ਸਕਦਾ, ਮੈਂ ਭੱਠੇ ਦੇ ਪਥੇਰਿਆਂ ਦਾ ਜੀਵਨ ਦੇਖਿਆ ਹੈ ਤੇ ਉਹਨਾਂ ਦੀ ਗੱਲ ਠੀਕ ਕਰ ਸਕਦਾ ਹਾਂ। ਭਾਵ ਕੀ ਜੋ ਅਸੀਂ ਨਹੀਂ ਦੇਖਿਆ ਉਸ ਬਾਰੇ ਨਾ ਬੋਲੋ, ਉਹ ਬਣਾਵਟੀ ਹੋਵੇਗਾ। ਮੈਨੂੰ ਜ਼ਿੰਦਗੀ ਦੀ ਇਹ ਸਚਾਈ ਚੰਗੀ ਲੱਗੀ। ਪੰਜਾਬੀ ਦੇ ਬਹੁਤ ਘੱਟ ਲੇਖਕ ਇਸ ਸਚਾਈ ਦੇ ਨੇੜੇ ਹਨ। ਮੈਂ ਉਸ ਦੀ ਕਵਿਤਾ ਪੜ੍ਹਨ ਲੱਗਾ। ਉਹ ਵੇਲਾ ਸ਼ੈਤਾਨਾਂ ਦਾ ਨਹੀਂ ਹੁੰਦਾ/ ਭੂਤਾਂ ਪ੍ਰੇਤਾਂ ਦਾ ਨਹੀਂ ਹੁੰਦਾ/ਨਾ ਹੀ ਮਰੇ ਲੋਕ ਜਾਗਦੇ ਨੇ ਉਸ ਵੇਲੇ/ਜਿਸ ਵੇਲੇ ਤੁਸੀਂ ਡਰ ਕੇ ਭੱਜਦੇ ਹੋ/ਜਿਸ ਆਵਾਜ਼ ਨੂੰ ਤੁਸੀਂ ਚੁੜੇਲਾਂ ਦੀਆਂ ਝਾਂਜਰਾਂ ਦੀ ਆਵਾਜ਼ ਦੱਸਦੇ ਹੋ/ ਦਰਅਸਲ ਉਹ ਪਥੇਰਿਆਂ ਦੇ ਸਾਂਚਿਆਂ ਦੀ ਆਵਾਜ਼ ਹੁੰਦੀ ਹੈ/ਜਦੋਂ ਘੜੀ ਦੀਆਂ ਦੋਵੇਂ ਸੂਈਆਂ ਬਾਰਾਂ ਤੇ ਆਉਂਦੀਆਂ ਨੇ/ ਤੇ ਵੇਲਾ ਰਾਤ ਦਾ ਹੁੰਦਾ ਹੈ/ ਉਹ ਵੇਲਾ ਉਹਨਾਂ ਲਈ ਮਿੱਟੀ ਨਾਲ ਘੁਲਣ ਦਾ ਹੁੰਦਾ ਹੈ/ਜਦੋਂ ਤੁਸੀਂ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ/ ਉਹ ਵੇਲਾ ਪਥੇਰਿਆਂ ਦਾ ਹੁੰਦਾ ਹੈ/ਉਹ ਵੇਲਾ ਪਥੇਰਿਆਂ ਦਾ ਹੁੰਦਾ ਹੈ। ਹੁਣ ਮੈਂ ਉਸ ਤੋਂ ਵਿਦਾ ਲੈਣੀ ਸੀ ਸ਼ਾਇਦ ਉਸਨੇ ਪੱਗ ਬਣਨੀ ਸੀ। ਅੱਜ ਸਵੇਰੇ ਉਸ ਦਾ ਭਾਸ਼ਾ ਵਿਭਾਗ ਵਲੋਂ ਪਟਿਆਲੇ ਸਨਮਾਨ ਹੈ।

(ਗੁਰਪ੍ਰੀਤ ਡੈਨੀ ਨਾਲ 97792-50653 ‘ਤੇ ਸੰਪਰਕ ਕੀਤਾ ਜਾ ਸਕਦਾ ਹੈ)