ਫ਼ੌਜ ਨੇ ਮਾਰ ਮੁਕਾਏ ਅਨੰਤਨਾਗ ਦੇ ‘ਨਾਗ’, ਮੁਕਾਬਲੇ ‘ਚ ਉਜੈਰ ਖਾਨ ਸਮੇਤ 2 ਅੱਤਵਾਦੀ ਕੀਤੇ ਢੇਰ

0
767

ਜੰਮੂ-ਕਸ਼ਮੀਰ, 19 ਸਤੰਬਰ | ਭਾਰਤੀ ਫ਼ੌਜ ਨੇ ਅਨੰਤਨਾਗ ਦੇ ‘ਨਾਗ’ ਮਾਰ ਮੁਕਾਏ ਹਨ। ਮੁਕਾਬਲੇ ‘ਚ ਉਜੈਰ ਖਾਨ ਸਮੇਤ 2 ਅੱਤਵਾਦੀ ਢੇਰ ਕਰ ਦਿੱਤੇ ਹਨ। ਅਜੇ ਵੀ ਸਰਚ ਆਪ੍ਰੇਸ਼ਨ ਜਾਰੀ ਹੈ। ਦੱਸ ਦਈਏ ਕਿ ਕਾਫੀ ਦਿਨਾਂ ਤੋਂ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ ਸੀ ਤੇ ਕਈ ਭਾਰਤੀ ਫੌਜ ਦੇ ਜਵਾਨ ਵੀ ਸ਼ਹੀਦ ਹੋਏ ਹਨ।

ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਬੀਤੇ ਬੁੱਧਵਾਰ ਨੂੰ ਸ਼ੁਰੂ ਹੋਇਆ ਮੁਕਾਬਲਾ ਮੰਗਲਵਾਰ ਖ਼ਤਮ ਹੋ ਗਿਆ। ਫੌਜ ਨੇ ਲਸ਼ਕਰ ਕਮਾਂਡਰ ਉਜੈਰ ਖਾਨ ਨੂੰ ਮਾਰ ਦਿੱਤਾ ਹੈ ਅਤੇ ਉਸ ਕੋਲੋਂ ਮਿਲੇ ਹਥਿਆਰ ਵੀ ਜ਼ਬਤ ਕਰ ਲਏ ਹਨ। ਜਾਣਕਾਰੀ ਦਿੰਦਿਆਂ ਕਸ਼ਮੀਰ ਰੇਂਜ ਦੇ ਪੁਲਿਸ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁਕਾਬਲੇ ਵਾਲੀ ਥਾਂ ਤੋਂ 2 ਲਾਸ਼ਾਂ ਬਰਾਮਦ ਹੋਈਆਂ ਸਨ, ਜਿਨ੍ਹਾਂ ਵਿਚੋਂ ਇਕ ਲਾਪਤਾ ਸਿਪਾਹੀ ਪ੍ਰਦੀਪ ਸਿੰਘ ਦੀ ਸੀ, ਜੋ ਕਿ ਪਟਿਆਲਾ ਦਾ ਰਹਿਣ ਵਾਲਾ ਸੀ। ਪ੍ਰਦੀਪ ਸਿੰਘ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹੀਦ ਪ੍ਰਦੀਪ ਕੋਕਰਨਾਗ ਆਪਰੇਸ਼ਨ ਦਾ ਹਿੱਸਾ ਸੀ। ਤਲਾਸ਼ੀ ਮੁਹਿੰਮ ਦੌਰਾਨ ਉਹ ਲਾਪਤਾ ਹੋ ਗਿਆ ਸੀ।

ਅਨੰਤਨਾਗ ਦੇ ਜੰਗਲ ‘ਚ ਜਾਰੀ ਅੱਤਵਾਦ ਰੋਕੂ ਅਭਿਆਨ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਅੱਤਵਾਦੀ ਟਿਕਾਣੇ ਤੋਂ ਇਕ ਪਿਸਤੌਲ, ਕਾਰਪੇਟ ਤੇ ਹਥਿਆਰਾਂ ਦਾ ਇਕ ਭੰਡਾਰ ਸੜਿਆ ਹੋਇਆ ਬਰਾਮਦ ਕੀਤਾ। ਮੰਗਲਵਾਰ ਸ਼ਾਮ ਨੂੰ ਫੌਜ ਤੇ ਪੁਲਿਸ ਦੀ 19 ਆਰਆਰ ਦੀ ਸਾਂਝੀ ਟਾਸਕ ਫੋਰਸ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਦੇ ਆਧਾਰ ‘ਤੇ ਗਡੋਲ ਕੋਕਰਨਾਗ ‘ਚ ਤਲਾਸ਼ੀ ਮੁਹਿੰਮ ਚਲਾਈ ਸੀ।

ਅੱਤਵਾਦੀ ਗਡੋਲ ਦੇ ਬਾਹਰਵਾਰ ਸਥਿਤ ਇਕ ਸਿੱਧੀ ਪਹਾੜੀ ‘ਤੇ ਦਰੱਖਤਾਂ ਦੇ ਪਿੱਛੇ ਬਣੀ ਇਕ ਗੁਫਾ ‘ਚ ਲੁਕੇ ਹੋਏ ਸਨ। ਇਹ ਮੁਕਾਬਲਾ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਇਆ ਸੀ, ਜਿਸ ‘ਚ ਹੁਣ ਤਕ ਚਾਰ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਚੁੱਕੇ ਹਨ ਤੇ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ।