ਜੰਮੂ-ਕਸ਼ਮੀਰ ‘ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਪੰਜਾਬ ਦਾ ਫੌਜੀ ਜਵਾਨ, ਮਾਂ ਤੇ ਪਤਨੀ ਦਾ ਰੋ-ਰੋ ਬੁਰਾ ਹਾਲ

0
1445

ਅੰਮ੍ਰਿਤਸਰ | ਜੰਮੂ ਕਸ਼ਮੀਰ ਦੇ ਸਾਂਭਾ ਸੈਕਟਰ ‘ਚ ਤਾਇਨਾਤ ਅਜਨਾਲਾ ਦੇ ਪਿੰਡ ਹਰੜ ਕਲਾਂ ਦੇ ਰਹਿਣ ਵਾਲੇ ਫੌਜੀ ਜਵਾਨ ਹਰਵੰਤ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਰ ਕੇ ਸ਼ਹੀਦ ਹੋ ਗਿਆ, ਹਰਵੰਤ ਸਿੰਘ 8 ਸਿਖਲਾਈ ਫਤਿਹਪੁਰ ਬਟਾਲੀਅਨ ‘ਚ ਆਪਣੀ ਡਿਊਟੀ ਨਿਭਾ ਰਿਹਾ ਸੀ । ਅੱਜ ਸ਼ਹੀਦ ਨਾਇਕ ਹਰਵੰਤ ਸਿੰਘ ਦੀ ਮ੍ਰਿਤਕ ਦੇਹ ਜਦੋਂ ਉਸ ਦੇ ਜੱਦੀ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਦੀਆਂ ਅੱਖਾਂ ਨਮ ਸਨ ਅਤੇ ਹਰਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ।

ਅੱਜ ਸਵੇਰੇ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਸਾਰਿਆਂ ਨੇ ਹੰਝੂ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਸ਼ਹੀਦ ਹਰਵੰਤ ਸਿੰਘ ਆਪਣੇ ਪਿੱਛੇ ਇੱਕ ਸਾਲ ਦਾ ਬੇਟਾ ਅਤੇ ਪਤਨੀ ਛੱਡ ਗਿਆ ਹੈ, ਵਿਆਹ ਦੇ ਚਾਰ ਸਾਲ ਬਾਅਦ ਇਕ ਪੁੱਤਰ ਨੇ ਜਨਮ ਲਿਆ ਸੀ, ਜੋ ਹੁਣ ਸਿਰਫ 1 ਸਾਲ ਦਾ ਹੈ। ਹਰਵੰਤ ਸਿੰਘ ਨੂੰ ਫੌਜ ਵਿਚ ਭਰਤੀ ਹੋਏ 11 ਸਾਲ ਹੋ ਗਏ ਸਨ। ਉਸ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੁੱਤਰ ਨੇ ਆਪਣੇ ਪਿਤਾ ਨੂੰ ਝੰਡੇ ਵਿਚ ਲਪੇਟਿਆ ਦੇਖ ਕੇ ਉਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ।

ਇਸ ਮੌਕੇ ਸ਼ਹੀਦ ਨਾਇਕ ਹਰਵੰਤ ਸਿੰਘ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਹੈ ਅਤੇ ਉਨ੍ਹਾਂ ਦਾ ਪੁੱਤਰ ਇਸ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਸ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਅਸੀਂ ਗੱਲ ਕੀਤੀ ਸੀ ਤਾਂ ਉਹ ਬਿਲਕੁਲ ਠੀਕ ਸੀ।