ਜਲੰਧਰ ‘ਚ ਵਰਲਡ ਕੱਪ ਮੈਚ ਦੇਖਦਿਆਂ ਹੋਇਆ ਝਗੜਾ : 3 ਜਣਿਆਂ ਨੇ ਚੌਥੀ ਮੰਜ਼ਿਲ ਤੋਂ ਸੁੱਟਿਆ NRI; ਮੌਤ

0
869

ਜਲੰਧਰ, 20 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਠਾਨਕੋਟ ਬਾਈਪਾਸ ਚੌਕ ਨੇੜੇ ਬੀਡੀਏ ਕਾਲੋਨੀ (ਫਲੈਟ) ਵਿਚ ਐਤਵਾਰ ਰਾਤ ਨੂੰ ਕੁਝ ਨੌਜਵਾਨਾਂ ਨੇ ਯੂਕੇ ਤੋਂ ਆਏ ਇਕ ਐਨਆਰਆਈ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਥਾਣਾ 8 ਦੀ ਪੁਲਿਸ ਨੇ ਕਤਲ ਦੇ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਚਰਨਜੀਤ ਨੇ ਚੌਥੀ ਮੰਜ਼ਿਲ ‘ਤੇ ਫਲੈਟ ਖਰੀਦਿਆ ਸੀ। ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਆਰੋਪੀ ਖੁਦ ਚਰਨਜੀਤ ਨੂੰ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚਰਨਜੀਤ ਦੀ ਮੌਤ ਦਾ ਪਤਾ ਲੱਗਦਿਆਂ ਹੀ ਸਾਰੇ ਆਰੋਪੀ ਮੌਕੇ ਤੋਂ ਫਰਾਰ ਹੋ ਗਏ। ਹਸਪਤਾਲ ਨੇ ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਦਿੱਤੀ। ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਮੌਤ ਦਾ ਕਾਰਨ ਪੋਸਟਮਾਰਟਮ ਵਿਚ ਸਪੱਸ਼ਟ ਹੋਵੇਗਾ। ਪੁਲਿਸ ਨੇ ਪੁੱਛਗਿੱਛ ਲਈ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ।

ਲੋਕਾਂ ਮੁਤਾਬਕ ਚਰਨਜੀਤ ਹਰ 2 ਸਾਲ ਬਾਅਦ ਪੰਜਾਬ ਆਉਂਦਾ ਸੀ। ਚਰਨਜੀਤ 4 ਹਫ਼ਤੇ ਪਹਿਲਾਂ ਹੀ ਆਪਣੇ ਭਤੀਜੇ ਨਾਲ ਯੂਕੇ ਤੋਂ ਵਾਪਸ ਆਇਆ ਸੀ। ਮ੍ਰਿਤਕ ਦੇ ਡਰਾਈਵਰ ਬਿੱਟੂ ਨੇ ਦੱਸਿਆ ਕਿ ਮਾਲਕ ਕ੍ਰਿਕਟ ਦਾ ਬਹੁਤ ਸ਼ੌਕੀਨ ਸੀ। ਐਤਵਾਰ ਨੂੰ ਉਹ ਘਰ ‘ਤੇ ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖ ਰਹੇ ਸਨ। ਜਾਣਕਾਰੀ ਅਨੁਸਾਰ ਮ੍ਰਿਤਕ ਐਨਆਰਆਈ ਦਾ ਇਸ ਦੌਰਾਨ ਫਲੈਟ ਦੀ ਤੀਸਰੀ ਮੰਜ਼ਿਲ ‘ਤੇ ਰਹਿੰਦੇ ਅਧਿਆਪਕ ਨਾਲ ਝਗੜਾ ਹੋਇਆ।

ਜਾਣਕਾਰੀ ਅਨੁਸਾਰ ਸੁਰਾਗ ਛੁਪਾਉਣ ਲਈ ਮੁਲਜ਼ਮ ਚੌਕੀਦਾਰ ਦੇ ਕਮਰੇ ਵਿਚ ਲੱਗੇ ਸੀਸੀਟੀਵੀ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਨੂੰ ਉਨ੍ਹਾਂ ਦੀ ਕਾਰ ਨੰਬਰਾਂ ਰਾਹੀਂ ਟਰੇਸ ਕਰ ਲਿਆ। ਚੌਕੀਦਾਰ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਕੁਝ ਹਾਸਲ ਨਹੀਂ ਹੋਇਆ।