ਸ਼ਰਾਬ ਪੀਣ ਦੌਰਾਨ ਹੋਇਆ ਝਗੜਾ, ਸਿਰ ’ਤੇ ਬਾਲਾ ਮਾਰ ਕੇ ਦੋਸਤ ਦੀ ਹੱਤਿਆ

0
322

ਲੁਧਿਆਣਾ : ਚੰਡੀਗੜ੍ਹ ਰੋਡ ਨਜ਼ਦੀਕ ਰਾਜੀਵ ਗਾਂਧੀ ਕਾਲੋਨੀ ਇਲਾਕੇ ਵਿਚ ਇਕ ਦੋਸਤ ਨੇ ਸ਼ਰਾਬ ਦੇ ਨਸ਼ੇ ਦੌਰਾਨ ਛੋਟੀ ਜਿਹੀ ਗੱਲ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਆਪਣੇ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਭਰਤ ਲਾਲ (35) ਦੇ ਰੂਪ ਵਿਚ ਹੋਈ ਹੈ ਜਦ ਕਿ ਮੁਲਜ਼ਮ ਗੁਲਾਮ ਹੁਸੈਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਫੋਕਲ ਪੁਆਇੰਟ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁਤਾਬਕ ਮੁਲਜ਼ਮ ਗੁਲਾਮ ਹੁਸੈਨ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਜੋ ਕਿ ਹਾਲ ਹੀ ਵਿਚ ਰਾਜੀਵ ਗਾਂਧੀ ਕਾਲੋਨੀ ਝੁੱਗੀਆਂ ਵਿਚ ਰਹਿ ਰਿਹਾ ਸੀ।

ਰਾਜੀਵ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਬਨਵਾਰੀ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਰਾਤ ਉਸ ਨੂੰ ਨਾਲ ਵਾਲੀ ਝੁੱਗੀ ਵਿਚ ਰਹਿੰਦੇ ਭਰਤ ਲਾਲ ਦੇ ਘਰੋਂ ਝਗੜਾ ਹੋਣ ਦੀਆਂ ਆਵਾਜ਼ਾਂ ਸੁਣੀਆਂ। ਜਦ ਉਸ ਨੇ ਭਰਤ ਲਾਲ ਦੀ ਝੁੱਗੀ ਅੰਦਰ ਜਾ ਕੇ ਵੇਖਿਆ ਤਾਂ ਉਸ ਦਾ ਇਕ ਹੋਰ ਦੋਸਤ ਗੁਲਾਮ ਹੁਸੈਨ ਭਰਤ ਲਾਲ ਨਾਲ ਕੁੱਟਮਾਰ ਕਰ ਰਿਹਾ ਸੀ। ਵੇਖਦੇ ਹੀ ਵੇਖਦੇ ਗੁਲਾਮ ਹੁਸੈਨ ਨੇ ਲੱਕੜ ਦਾ ਬਾਲਾ ਚੁੱਕ ਕੇ ਭਰਤ ਦੇ ਸਿਰ ’ਤੇ ਦੋ ਤਿੰਨ ਵਾਰ ਕੀਤੇ। ਇਸ ਹਮਲੇ ਕਾਰਨ ਭਰਤ ਬੁਰੀ ਤਰ੍ਹਾਂ ਫੱਟੜ ਹੋ ਕੇ ਡਿੱਗ ਪਿਆ ਅਤੇ ਹੁਸੈਨ ਲਾਲ ਮੌਕੇ ਤੋਂ ਫ਼ਰਾਰ ਹੋ ਗਿਆ।