ਫੀਸਾਂ ‘ਚ ਆਪਹੁਦਰੀ ਨੇ ਸਰਕਾਰ ਦੀ ਮੈਡੀਕਲ ਸਿੱਖਿਆ ਮਾਫ਼ੀਆ ਨਾਲ ਮਿਲੀਭੁਗਤ ਦੀ ਪੋਲ ਖੋਲੀ : ਹਰਪਾਲ ਚੀਮਾ

0
1427
  • ਡਾਕਟਰੀ ਸਿੱਖਿਆ ਮੰਤਰੀ ਦੀ ਭੂਮਿਕਾ ਦੀ ਜਾਂਚ ਲਈ ਗਠਿਤ ਹੋਵੇ ਵਿਧਾਨ ਸਭਾ ਦੀ ਉੱਚ ਪੱਧਰੀ ਕਮੇਟੀ
  • ਐਮ.ਡੀ/ਐਮ.ਐਸ ਕਰਨ ਵਾਲੇ ਹਜ਼ਾਰਾਂ ਡਾਕਟਰ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗਿਆ

ਚੰਡੀਗੜ੍ਹ. ਪੰਜਾਬ ਅੰਦਰ ਸਰਕਾਰੀ ਅਤੇ ਗੈਰ-ਸਰਕਾਰੀ ਮੈਡੀਕਲ ਕਾਲਜਾਂ-ਯੂਨੀਵਰਸਿਟੀਆਂ ਵੱਲੋਂ ਨਿਯਮ-ਕਾਨੂੰਨ ਦੀਆਂ ਧੱਜੀਆਂ ਉਡਾ ਕੇ ਫ਼ੀਸ ਵਸੂਲੀ ‘ਚ ਵਰਤੀ ਜਾ ਰਹੀ ਆਪਹੁਦਰੀ ਦਾ ਸਖ਼ਤ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਦੇ ਨਾਲ-ਨਾਲ ਪੂਰੀ ਕੈਪਟਨ ਸਰਕਾਰ ਨੂੰ ਘੇਰਿਆ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਾਕੀ ਲੋਟੂ ਮਾਫ਼ੀਆ ਵਾਂਗ ਮੈਡੀਕਲ ਐਜੂਕੇਸ਼ਨ ਮਾਫ਼ੀਆ ਅੱਗੇ ਪੂਰੀ ਤਰਾਂ ਗੋਡੇ ਟੇਕ ਦਿੱਤੇ ਹਨ। ਗੈਰ ਸਰਕਾਰੀ ਮੈਡੀਕਲ ਕਾਲਜਾਂ ਅਤੇ ਅਖੌਤੀ ਯੂਨੀਵਰਸਿਟੀਆਂ ਨੇ ਆਪਣੀ ਮਨਮਰਜ਼ੀ ਨਾਲ ਜਿਸ ਤਰਾਂ ਅੰਨ੍ਹੀ ਲੁੱਟ ਮਚਾਈ ਹੋਈ ਹੈ, ਉਸ ਤੋਂ ਸਾਫ਼ ਲੱਗਦਾ ਹੈ ਕਿ ਪੰਜਾਬ ‘ਚ ਸਰਕਾਰ ਨਹੀਂ ਇੱਕ ਲੁਟੇਰਾ ਗਿਰੋਹ ਰਾਜ ਕਰ ਰਿਹਾ ਹੈ। ਜਿਸ ‘ਤੇ ਕੋਈ ਕਾਨੂੰਨ ਵਿਵਸਥਾ ਲਾਗੂ ਨਹੀਂ ਹੁੰਦੀ।

ਚੀਮਾ ਨੇ ਪੁੱਛਿਆ ਕਿ ਕੀ ਡਾਕਟਰੀ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦੱਸਣਗੇ ਕਿ ਉੱਚ ਡਾਕਟਰੀ ਸਿੱਖਿਆ ਪੋਸਟ ਗਰੈਜੂਏਸ਼ਨ (ਐਮ.ਡੀ/ਐਮ.ਐਸ) ‘ਚ ਦਾਖ਼ਲਿਆਂ ਲਈ ਪਿਛਲੇ ਦਿਨੀਂ ਹੋਈ ਪਹਿਲੇ ਗੇੜ ਦੀ ਕੌਂਸਲਿੰਗ ‘ਚ ਹਜ਼ਾਰਾਂ ਯੋਗ ਮੈਡੀਕਲ ਸਟੂਡੈਂਟ ਕਿਉਂ ਹਿੱਸਾ ਨਹੀਂ ਲੈ ਸਕੇ? ਕਿਉਂਕਿ ਉਨ੍ਹਾਂ ਕੋਲ ਨਜਾਇਜ਼ ਅਤੇ ਗੈਰ-ਕਾਨੂੰਨੀ ਫ਼ੀਸਾਂ ‘ਚ ਲੁਟਾਉਣ ਦੀ ਗੁੰਜਾਇਸ਼ ਨਹੀਂ ਹੈ। ਚੀਮਾ ਨੇ ਕਿਹਾ ਕਿ ਮੌਜੂਦਾ ਲੋਟੂ ਫ਼ੀਸ ਪ੍ਰਣਾਲੀ ‘ਚ ਇੱਕ ਸਪੈਸ਼ਲਿਸਟ (ਐਮ.ਡੀ/ਐਮ.ਐਸ) ਡਾਕਟਰ ਬਣਨ ਲਈ ਘੱਟੋ ਘੱਟ 9 ਸਾਲ ਦੀ ਪੜਾਈ ਅਤੇ 2 ਕਰੋੜ ਰੁਪਏ ਦੀਆਂ ਫ਼ੀਸਾਂ ਚਾਹੀਦੀਆਂ ਹਨ।
ਆਮ ਆਦਮੀ ਦੇ ਹੋਣਹਾਰ ਬੱਚੇ ਤਾਂ ਦੂਰ ਇਹ ਫ਼ੀਸਾਂ ਚੰਗੇ ਰੱਜੇ ਪੁੱਜੇ ਪਰਿਵਾਰ ਦੀ ਗੁੰਜਾਇਸ਼ ਤੋਂ ਵੀ ਬਾਹਰ ਹਨ, ਪਰੰਤੂ ਸਰਕਾਰ ਸੁੱਤੀ ਪਈ ਹੈ। ਚੀਮਾ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਇਸ ਤਰਾਂ ਘੂਕ ਸੁੱਤੇ ਹੋਣ ਦੀ ਅਸਲ ਵਜਾ ਸੱਤਾਧਾਰੀ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਮੈਡੀਕਲ ਸਿੱਖਿਆ ਮਾਫ਼ੀਆ ਨਾਲ ਉਸੇ ਤਰਾਂ ਦੀ ਹਿੱਸੇਦਾਰੀ ਹੈ, ਜਿਵੇਂ ਸ਼ਰਾਬ ਮਾਫ਼ੀਆ, ਬਿਜਲੀ ਮਾਫ਼ੀਆ, ਸੈਂਡ ਮਾਫ਼ੀਆ ਅਤੇ ਬਿਜਲੀ ਆਦਿ ਮਾਫ਼ੀਏ ਨਾਲ ਜੱਗ ਜ਼ਾਹਿਰ ਹੋ ਚੁੱਕੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਪ੍ਰਾਈਵੇਟ ਹੈਲਥ ਸਾਇੰਸਜ਼ ਇੰਸਟੀਚਿਊਸ਼ਨ (ਰੈਗੂਲੇਸ਼ਨ ਆਫ਼ ਐਡਮਿਸ਼ਨ, ਫਿਕਸ਼ੇਸਨ ਆਫ਼ ਫੀ ਐਂਡ ਮੇਕਿੰਗ ਰਿਜ਼ਰਵੇਸ਼ਨ) ਐਕਟ 2006 ‘ਚ ਸਾਰੀਆਂ ਮੈਡੀਕਲ ਸੰਸਥਾਵਾਂ ਜਿੰਨਾ ‘ਚ ਮੈਡੀਕਲ ਕਾਲਜ ਅਤੇ ਡੈਂਟਲ ਕਾਲਜ ਸ਼ਾਮਲ ਹਨ, ਦੀਆਂ ਫ਼ੀਸਾਂ ਨਿਰਧਾਰਿਤ ਕਰਨ ਅਤੇ ਉਨ੍ਹਾਂ ‘ਚ ਇਕਸਾਰਤਾ ਲਿਆਉਣ ਦਾ ਪੂਰਾ ਅਧਿਕਾਰ ਪੰਜਾਬ ਸਰਕਾਰ ਕੋਲ ਹੈ। ਫਿਰ ਜਿਸ ਕੋਰਸ ਦੀ ਫ਼ੀਸ ਸਰਕਾਰੀ ਕਾਲਜਾਂ ‘ਚ 1.25 ਲੱਖ ਰੁਪਏ ਅਤੇ ਪ੍ਰਾਈਵੇਟ ਕਾਲਜਾਂ ‘ਚ 6.50 ਲੱਖ ਰੁਪਏ ਨਿਰਧਾਰਿਤ ਕੀਤੀ ਹੋਈ ਹੈ ਤਾਂ ਬਠਿੰਡੇ ਦਾ ਆਦੇਸ਼ ਮੈਡੀਕਲ ਕਾਲਜ ਸਾਲਾਨਾ 14 ਲੱਖ ਰੁਪਏ ਅਤੇ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ 9.50 ਲੱਖ ਰੁਪਏ ਕਿਸ ਤਰਾਂ ਲੈ ਸਕਦੇ ਹਨ?
ਚੀਮਾ ਨੇ ਮੈਡੀਕਲ ਸਿੱਖਿਆ ਮਾਫ਼ੀਆ ਪ੍ਰਾਈਵੇਟ ਯੂਨੀਵਰਸਿਟੀਜ਼ ਦੀ ਆੜ ‘ਚ ਸੈਂਕੜੇ ਕਰੋੜ ਰੁਪਏ ਦੀ ਲੁੱਟ ਕਰ ਰਿਹਾ ਹੈ, ਪਰੰਤੂ ਕੋਈ ਪੁੱਛਣ ਵਾਲਾ ਨਹੀਂ ਕਿਉਂਕਿ ਸੱਤਾਧਾਰੀ ‘ਲੋਕ ਸੇਵਕ’ ਲੁਟੇਰਾ ਜਮਾਤ ਨਾਲ ਜਾ ਮਿਲੀ ਹੈ।
ਚੀਮਾ ਨੇ ਦੱਸਿਆ ਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਡੀਓ ਲੈਟਰ ਰਾਹੀਂ ਮੰਗ ਕੀਤੀ ਹੈ ਕਿ ਸੂਬੇ ‘ਚ ਪ੍ਰਾਈਵੇਟ ਮੈਡੀਕਲ ਕਾਲਜਾਂ/ਯੂਨੀਵਰਸਿਟੀਜ਼ ਦੀ ਲੁੱਟ ਨੂੰ ਨੱਥ ਪਾਉਣ ਲਈ 2006 ਦਾ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਅਤੇ ਉਸ ‘ਚ ਜੇ ਜ਼ਰੂਰਤ ਹੈ ਤਾਂ ਲੋੜੀਂਦੀ ਸੋਧ ਤੁਰੰਤ ਕੀਤੀ ਜਾਵੇ, ਜੋ ਚਾਲੂ ਐਮ.ਡੀ/ਐਮ.ਐਸ ਕੌਂਸਲਿੰਗ ‘ਤੇ ਲਾਗੂ ਹੋਵੇ ਤਾਂ ਕਿ ਜੋ ਯੋਗ ਅਤੇ ਹੋਣਹਾਰ ‘ਡਾਕਟਰ’ ਮਹਿੰਗੀਆਂ ਫ਼ੀਸਾਂ ਕਾਰਨ ਪਹਿਲੇ ਦੌਰ ਦੀ ਕੌਂਸਲਿੰਗ ‘ਚ ਹਿੱਸਾ ਨਹੀਂ ਲੈ ਸਕੇ, ਉਹ ਨਵੇਂ ਸਿਰਿਓਂ ਨਿਰਧਾਰਿਤ ਕੌਂਸਲਿੰਗ ‘ਚ ਹਿੱਸਾ ਲੈ ਕੇ ‘ਸਪੈਸ਼ਲਿਸਟ’ ਬਣ ਸਕਣ।
ਚੀਮਾ ਨੇ ਕਿਹਾ ਕਿ ਸਰਕਾਰਾਂ (ਕੈਪਟਨ-ਬਾਦਲਾਂ) ਦੀ ਮਾਫ਼ੀਆ ਨਾਲ ਮਿਲੀਭੁਗਤ ਕਾਰਨ ਪੰਜਾਬ ਦੇ ਹਜ਼ਾਰਾਂ ਯੋਗ ਵਿਦਿਆਰਥੀ ਡਾਕਟਰ ਬਣਨ ਤੋਂ ਖੁੰਝ ਗਏ। ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਅੱਜ ਪੰਜਾਬ ਦੇ ਸਰਕਾਰੀ ਹਸਪਤਾਲ ਡਾਕਟਰਾਂ ਨੂੰ ਤਰਸ ਰਹੇ ਹਨ।
ਚੀਮਾ ਨੇ ਇਹ ਵੀ ਮੰਗ ਕੀਤੀ ਕਿ ਭਵਿੱਖ ‘ਚ ਇਸ ਗੋਰਖਧੰਦੇ ‘ਤੇ ਲਗਾਮ ਕੱਸਣ ਲਈ ਸਾਰੀਆਂ ਪਾਰਟੀਆਂ ਨਾਲ ਸੰਬੰਧਿਤ ਵਿਧਾਇਕਾਂ ਅਤੇ ਮੈਡੀਕਲ ਸਿੱਖਿਆ ਮਾਹਿਰਾਂ/ਡਾਕਟਰਾਂ ਦੀ ਇੱਕ ਸੰਯੁਕਤ ਜਾਂਚ ਕਮੇਟੀ ਗਠਿਤ ਕੀਤੀ ਜਾਵੇ, ਜੋ ਸੂਬੇ ‘ਚ ਮੈਡੀਕਲ ਸਿੱਖਿਆ ਨੂੰ ਮਾਫ਼ੀਆ ਮੁਕਤ ਕਰਨ ਲਈ ਇੱਕ ਸਮਾਂਬੱਧ ਰਿਪੋਰਟ ਵਿਧਾਨ ਸਭਾ ਦੇ ਆਗਾਮੀ ਸੈਸ਼ਨ ‘ਚ ਪੇਸ਼ ਕਰੇ।