ਤਰਨਤਾਰਨ ਦੇ ਇੱਕ ਹੋਰ ਨੌਜਵਾਨ ਦੀ ਨਸ਼ੇ ਨਾਲ ਮੌਤ, ਪਤਨੀ ਤੇ 8 ਸਾਲ ਦੇ ਬੱਚੇ ਨੇ ਲਾਸ਼ ਸੜਕ ‘ਤੇ ਰੱਖ ਕੀਤਾ ਪ੍ਰਦਰਸ਼ਨ

0
2474

ਤਰਨਤਾਰਨ (ਬਲਜੀਤ ਸਿੰਘ) | ਸਰਹੱਦੀ ਖੇਤਰੀ ਭਿੱਖੀਵਿੰਡ ਦੇ ਪਿੰਡ ਪਹਿਲਵਾਨਕੇ ਦਰਾਜਕੇ ਦੇ ਇੱਕ ਹੋਰ ਨੌਜਵਾਨ ਦੀ ਨਸ਼ੇ ਦੇ ਟੀਕੇ ਕਾਰਨ ਮੌਤ ਹੋ ਗਈ ਹੈ।

ਮ੍ਰਿਤਕ ਦੀ ਪਤਨੀ ਅਤੇ ਭਰਾ ਨੇ ਲਾਸ਼ ਭਿੱਖੀਵਿੰਡ ਮੇਨ ਚੌਕ ਵਿਚ ਰੱਖ ਕੇ ਪਿੱਟ ਸਿਆਪਾ ਕੀਤਾ ਅਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਡੀਐੱਸਪੀ ਰਾਜਬੀਰ ਸਿੰਘ ਅਤੇ ਥਾਣਾ ਮੁਖੀ ਭਿੱਖੀਵਿੰਡ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਇਨ੍ਹਾਂ ਉੱਤੇ ਗੰਭੀਰ ਇਲਜਾਮ ਲਗਾਏ।

ਮ੍ਰਿਤਕ ਹੀਰਾ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ 8 ਸਾਲ ਦਾ ਲੜਕਾ ਹੈ। ਪਤੀ ਖੇਤੀਬਾੜੀ ਦਾ ਕੰਮ ਕਰਦਾ ਸੀ। ਪਹੂਵਿੰਡ ਦੀਆਂ ਬਹਿਕਾਂ ਤੇ ਵੱਡੀ ਪੱਧਰ ‘ਤੇ ਸਮੈਕ ਵਿਕਦੀ ਹੈ ਜਿਸ ਕਾਰਨ ਮੇਰਾ ਪਤੀ ਹੀਰਾ ਸਿੰਘ ਸਮੈਕ ਦਾ ਆਦੀ ਹੋ ਗਿਆ। ਸਾਨੂੰ ਪਤਾ ਲੱਗਣ ‘ਤੇ ਅਸੀਂ ਕਈ ਵਾਰ ਡੀ.ਐੱਸ.ਪੀ ਭਿੱਖੀਵਿੰਡ ਰਾਜਬੀਰ ਸਿੰਘ ਨੂੰ ਇਸ ਸਬੰਧੀ ਬੇਨਤੀਆਂ ਕੀਤੀਆਂ ਅਤੇ ਕਿਹਾ ਕਿ ਇਸ ‘ਤੇ ਕਾਰਵਾਈ ਕਰਕੇ ਸਮੈਕ ਵੇਚਣ ਵਾਲੇ ਨੂੰ ਫੜ੍ਹਿਆ ਜਾਵੇ। ਭਿੱਖੀਵਿੰਡ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਮੇਰਾ ਪਤੀ ਅੱਜ ਮੇਰੇ ਤੋਂ ਨਸ਼ੇ ਦੇ ਇਸ ਦੈਂਤ ਨੇ ਖੋਹ ਲਿਆ ਹੈ। ਮੇਰੇ 8 ਸਾਲ ਦੇ ਮਾਸੂਮ ਪੁੱਤਰ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ।

ਸੰਦੀਪ ਕੌਰ ਦਾ ਕਹਿਣਾ ਸੀ ਕਿ ਅਸੀਂ ਸ਼ੁਰੂ ਤੋਂ ਹੀ ਕਾਂਗਰਸੀ ਪਿਛੋਕੜ ਵਾਲੇ ਹਾਂ। ਸਾਡੇ ਘਰ ਦੇ ਉਪਰ ਕਾਂਗਰਸ ਦਾ ਵੱਡਾ ਝੰਡਾ ਲੱਗਿਆਂ ਹੋਇਆ ਹੈ ਪਰ ਕਾਂਗਰਸ ਸਰਕਾਰ ਦੇ ਰਹਿੰਦਿਆਂ ਨਸ਼ੇ ਤੇ ਕਾਬੂ ਨਾ ਪਾਉਣ ਕਾਰਨ ਅੱਜ ਮੇਰਾ ਪਤੀ ਨਸ਼ੇ ਦੀ ਭੇਟ ਚੜ੍ਹ ਗਿਆ।

ਮ੍ਰਿਤਕ ਦੀ ਪਤਨੀ ਨੇ ਹਲਕਾ ਵਿਧਾਇਕ ਸੁਖਪਾਲ ਭੁੱਲਰ ‘ਤੇ ਗੰਭੀਰ ਦੋਸ਼ ਲਾਏ ਕਿ ਇਹ ਸਭ ਹਲਕਾ ਵਿਧਾਇਕ ਦੀ ਮਿਲੀਭੁਗਤ ਨਾਲ ਹੀ ਹੋ ਸਕਦਾ ਹੈ ਨਹੀਂ ਤਾਂ ਸਾਡੇ ਵੱਲੋਂ ਵਾਰ ਵਾਰ ਬੇਨਤੀਆਂ ਕਰਨ ਤੇ ਵੀ ਭਿੱਖੀਵਿੰਡ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ।

ਕਾਫੀ ਸਮਾਂ ਭਿੱਖੀਵਿੰਡ ਚੌਕ ਵਿੱਚ ਮ੍ਰਿਤਕ ਦੀ ਲਾਸ਼ ਰੱਖ ਕੇ ਵਿਰਲਾਪ ਕਰਨ ਤੋਂ ਬਾਅਦ ਵੀ ਜਦੋਂ ਪੁਲਿਸ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਤਾਂ ਲਾਸ਼ ਨੂੰ ਭਿੱਖੀਵਿੰਡ ਚੌਕ ਚੋਂ ਚੁੱਕ ਕੇ ਉਹ ਆਪਣੇ ਘਰ ਪਿੰਡ ਭਲਵਾਨਕੇ ਲੈ ਗਏ।

ਇਸ ਸੰਬੰਧੀ ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ ਨੂੰ ਵਾਰ-ਵਾਰ ਫੋਨ ਕਰਨ ‘ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ। ਡੀ.ਐੱਸ.ਪੀ ਦਫਤਰ ਭਿੱਖੀਵਿੰਡ ਵਿੱਚ ਵੀ ਉਹ ਨਹੀਂ ਮਿਲੇ।