ਖਰੜ ਤੀਹਰੇ ਕਤਲਕਾਂਡ ‘ਚ ਇਕ ਹੋਰ ਵੱਡਾ ਖੁਲਾਸਾ : ਲੱਖ ਰੁਪਏ ਦਾ ਫੋਨ ਖ਼ਰੀਦਣ ’ਤੇ ਭਰਾ ਨਾਲ ਲੜਾਈ ਮਗਰੋਂ ਬਣਾਈ ਕਤਲ ਦੀ ਪਲਾਨਿੰਗ

0
901

ਐਸ.ਏ.ਐਸ. ਨਗਰ/ ਖਰੜ, 14 ਅਕਤੂਬਰ | ਖਰੜ ਵਾਸੀ ਸਾਫ਼ਟਵੇਅਰ ਇੰਜੀਨੀਅਰ ਸਤਵੀਰ ਸਿੰਘ, ਉਸ ਦੀ ਪਤਨੀ ਅਮਨਦੀਪ ਕੌਰ ਅਤੇ 2 ਸਾਲ ਦੇ ਬੱਚੇ ਅਨਾਹਦ ਦਾ ਕਤਲ ਕਰਨ ਵਾਲੇ ਲਖਵੀਰ ਸਿੰਘ ਲੱਖਾ ਜੋ ਕਿ ਮ੍ਰਿਤਕ ਦਾ ਛੋਟਾ ਭਰਾ ਹੈ, ਨੇ ਪੁਲਿਸ ਕੋਲ ਪ੍ਰਗਟਾਵਾ ਕੀਤਾ ਹੈ ਕਿ ਉਸ ਨੇ ਕੁਝ ਦਿਨ ਪਹਿਲਾਂ ਲੱਖ ਰੁਪਏ ਦਾ ਫ਼ੋਨ ਖਰੀਦਿਆ ਸੀ, ਜਿਸ ਕਰਕੇ ਉਸ ਦੇ ਭਰਾ ਸਤਵੀਰ ਸਿੰਘ ਨਾਲ ਉਸ ਦਾ ਝਗੜਾ ਹੋਇਆ ਸੀ।

ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਸ ਨੇ ਆਪਣੇ ਦੋਸਤ ਰਾਮ ਸਰੂਪ ਉਰਫ਼ ਗੁਰਪ੍ਰੀਤ ਬੰਟੀ ਨਾਲ ਮਿਲ ਕੇ ਭਰਾ ਸਤਵੀਰ ਸਿੰਘ ਅਤੇ ਭਰਜਾਈ ਨੂੰ ਜਾਨ ਤੋਂ ਮਾਰਨ ਦੀ ਯੋਜਨਾ ਬਣਾਈ ਸੀ। ਪੁਲਿਸ ਮੁਤਾਬਕ ਲੱਖੇ ਅਤੇ ਉਸ ਦੇ ਦੋਸਤ ਨੇ ਸਭ ਤੋਂ ਪਹਿਲਾਂ ਭਰਜਾਈ ਦਾ ਕਤਲ ਕੀਤਾ, ਮਗਰੋਂ ਰਾਤ ਨੂੰ ਘਰ ਆਏ ਸਤਵੀਰ ਸਿੰਘ ਦੇ ਸਿਰ ਵਿਚ ਕਹੀ ਮਾਰ ਕੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੱਖਾ ਅਤੇ ਬੰਟੀ ਲਾਸ਼ਾਂ ਨੂੰ ਲੈ ਕੇ ਰੋਪੜ ਗਏ ਅਤੇ ਨਹਿਰ ’ਚ ਦੋਵਾਂ ਨੂੰ ਸੁੱਟ ਦਿੱਤਾ।

ਲੱਖੇ ਦੇ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਉਹ ਜਦੋਂ ਆਪਣੇ ਭਤੀਜੇ ਅਨਾਹਦ ਨੂੰ ਇਸੇ ਨਹਿਰ ’ਚ ਸੁੱਟਣ ਲੱਗਾ ਤਾਂ ਉਹ ਡਰ ਗਿਆ ਅਤੇ ਵਾਪਸ ਭਤੀਜੇ ਲੈ ਕੇ ਜਦੋਂ ਉਹ ਆ ਰਿਹਾ ਸੀ ਤਾਂ ਅਚਾਨਕ ਉਸ ਦੇ ਮਨ ’ਚ ਡਰ ਬੈਠ ਗਿਆ ਕਿ ਕਿਤੇ ਉਸ ਦਾ ਭਤੀਜਾ ਭੇਤ ਦਾ ਖੋਲ੍ਹ ਦੇਵੇ। ਲੱਖੇ ਅਤੇ ਬੰਟੀ ਨੇ ਵਾਪਸੀ ਵਿਚ ਮੋਰਿੰਡਾ ਵਾਲੀ ਨਹਿਰ ’ਚ ਭਤੀਜੇ ਨੂੰ ਸੁੱਟ ਦਿਤਾ ਅਤੇ ਘਰ ਵਾਪਸ ਆ ਗਏ।

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੱਖਾ ਘਰ ’ਚ ਹੀ ਮੌਜੂਦ ਸੀ। ਉਹ ਪੁਲਿਸ ਨੂੰ 11 ਅਤੇ 12 ਅਕਤੂਬਰ ਦੁਪਹਿਰ ਤਕ ਇਧਰ-ਉਧਰ ਦੀਆਂ ਕਹਾਣੀਆਂ ਸੁਣਾ ਕੇ ਘੁਮਾਉਂਦਾ ਰਿਹਾ ਅਤੇ ਆਖਰਕਾਰ ਦੁਪਹਿਰ ਬਾਅਦ ਉਸ ਨੇ ਖੁਦ ਕਤਲ ਕਰਨ ਦੀ ਗੱਲ ਕਬੂਲੀ। ਪੁਲਿਸ ਨੇ ਲਖਵੀਰ ਸਿੰਘ ਲੱਖਾ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ, ਅਦਾਲਤ ਵਲੋਂ ਉਸ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।

ਇਸ ਸਬੰਧੀ ਮ੍ਰਿਤਕਾ ਅਮਨਦੀਪ ਕੌਰ ਦੇ ਭਰਾ ਬੇਅੰਤ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ ਆਪਣੇ ਸਾਰੇ ਪਰਿਵਾਰ ਦੀਆਂ ਫੋਟੋਆਂ ਗੋਤਾਖੋਰਾਂ ਨੂੰ ਭੇਜੀਆਂ ਗਈਆਂ ਸਨ, ਜਿਸ ਤੋਂ ਬਾਅਦ ਸ਼ਾਮੀ ਖਨੌਰੀ ਤੋਂ ਫੋਨ ਆਇਆ ਕਿ ਇਕ ਬੱਚੇ ਦੀ ਲਾਸ਼ ਮਿਲੀ ਹੈ ਜਿਸ ਦੀ ਫੋਟੋ ਦੇਖਣ ਤੋਂ ਬਾਅਦ ਪਰਿਵਾਰ ਵਲੋਂ ਮ੍ਰਿਤਕ ਅਨਾਹਦ ਦੀ ਸ਼ਨਾਖਤ ਕਰ ਲਈ ਹੈ। ਬੇਅੰਤ ਸਿੰਘ ਮੁਤਾਬਕ ਬੱਚੇ ਦੀ ਲਾਸ਼ ਦੀ ਸੂਚਨਾ ਮਿਲਣ ਤੋਂ ਬਾਅਦ ਪਰਵਾਰ ਪੁਲਿਸ ਨੂੰ ਨਾਲ ਲੈ ਕੇ ਖਨੌਰੀ ਲਈ ਰਵਾਨਾ ਹੋ ਗਿਆ ਹੈ। ਉਨ੍ਹਾਂ ਦਸਿਆ ਕਿ ਪਰਵਾਰ ਨੇ ਫੈਸਲਾ ਕੀਤਾ ਹੈ ਕਿ ਮ੍ਰਿਤਕ ਸਤਵੀਰ ਸਿੰਘ, ਅਮਨਦੀਪ ਕੌਰ ਅਤੇ ਅਨਾਹਦ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇਕੱਠਿਆਂ ਹੀ ਸੰਸਕਾਰ ਕੀਤਾ ਜਾਵੇਗਾ।