ਭਾਰਤ ਦਾ ਕੈਨੇਡਾ ਨੂੰ ਇਕ ਹੋਰ ਵੱਡਾ ਐਕਸ਼ਨ : 40 ਡਿਪਲੋਮੈਟਿਕ ਸਟਾਫ ਨੂੰ ਭਾਰਤ ਛੱਡਣ ਲਈ ਕਿਹਾ

0
420

ਨਵੀਂ ਦਿੱਲੀ, 3 ਅਕਤੂਬਰ | ਭਾਰਤ ਤੇ ਕੈਨੇਡਾ ਦੇ ਰਿਸ਼ਤੇ ਵਿਗੜਦੇ ਜਾ ਰਹੇ ਹਨ। ਇਸ ਤਣਾਅ ਵਿਚਾਲੇ ਭਾਰਤ ਨੇ ਕੈਨੇਡਾ ਨੂੰ ਆਪਣੇ ਦਰਜਨਾਂ ਡਿਪਲੋਮੈਟਿਕ ਸਟਾਫ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਇਸ ਘਟਨਾਕ੍ਰਮ ਤੋਂ ਜਾਣੂ ਲੋਕਾਂ ਮੁਤਾਬਕ ਨਵੀਂ ਦਿੱਲੀ ਨੇ ਓਟਾਵਾ ਨੂੰ ਕਿਹਾ ਹੈ ਕਿ ਉਸ ਨੂੰ 10 ਅਕਤੂਬਰ ਤੱਕ ਲਗਭਗ 40 ਡਿਪਲੋਮੈੱਟਾਂ ਨੂੰ ਵਾਪਸ ਬੁਲਾਉਣਾ ਪਏਗਾ।

ਇਕ ਰਿਪੋਰਟ ਮੁਤਾਬਕ ਭਾਰਤ ਸਰਕਾਰ ਨੇ ਇਸ ਤਾਜ਼ਾ ਘਟਨਾ ਬਾਰੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਕੈਨੇਡਾ ਦੇ ਭਾਰਤ ‘ਚ 62 ਡਿਪਲੋਮੈੱਟ ਹਨ ਅਤੇ ਭਾਰਤ ਨੇ ਕਿਹਾ ਸੀ ਕਿ ਇਨ੍ਹਾਂ ‘ਚੋਂ ਕੁੱਲ 41 ਲੋਕਾਂ ਨੂੰ ਘੱਟ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ‘ਚ ਦੋਸ਼ ਲਾਇਆ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ।

ਉਦੋਂ ਤੋਂ ਨਵੀਂ ਦਿੱਲੀ ਅਤੇ ਓਟਾਵਾ ਦਰਮਿਆਨ ਕੂਟਨੀਤਕ ਸਬੰਧ ਵਿਗੜਦੇ ਜਾ ਰਹੇ ਹਨ। 18 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਅੱਤਵਾਦੀ ਨਿੱਝਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਭਾਰਤ ਨੇ ਕੈਨੇਡਾ ਦੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਨ੍ਹਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਦੱਸਿਆ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ਨੇ ਅਜੇ ਤੱਕ ਨਿੱਝਰ ਦੇ ਕਤਲ ਦੇ ਦਾਅਵੇ ਦੇ ਸਮਰਥਨ ਲਈ ਕੋਈ ਜਨਤਕ ਸਬੂਤ ਮੁਹੱਈਆ ਨਹੀਂ ਕਰਵਾਏ ਹਨ।

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਹਾਲ ਹੀ ‘ਚ ਕਿਹਾ ਸੀ ਕਿ ਕੈਨੇਡਾ ਸਰਕਾਰ ਵੱਲੋਂ ਦੇਸ਼ ‘ਚ ਅੱਤਵਾਦ, ਕੱਟੜਪੰਥ ਅਤੇ ਹਿੰਸਾ ਨੂੰ ਸਮਰਥਨ ਦੇਣ ਕਾਰਨ ਕੈਨੇਡਾ ਨਾਲ ਚੱਲ ਰਹੀ ਸਮੱਸਿਆ ਪਿਛਲੇ ਕੁਝ ਸਾਲਾਂ ਤੋਂ ਬਰਕਰਾਰ ਹੈ। ਜੈਸ਼ੰਕਰ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਡੈੱਡਲਾਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਮੁੱਦੇ ਸਬੰਧੀ ਕੈਨੇਡੀਅਨ ਪੱਖ ਵੱਲੋਂ ਸਾਂਝੇ ਕੀਤੇ ਗਏ ਕਿਸੇ ਵੀ ਵਿਸ਼ੇਸ਼ ਅਤੇ ਢੁੱਕਵੇਂ ਨੁਕਤੇ ‘ਤੇ ਵਿਚਾਰ ਕਰਨ ਲਈ ਤਿਆਰ ਹੈ।