ਸਿੱਖ ਤੇ ਰਵਿਦਾਸੀਆ ਭਾਈਚਾਰੇ ‘ਤੇ PHd ਕਰ ਰਹੀ ਪਹਿਲੀ ਇਟਾਲੀਅਨ ਮੁਟਿਆਰ, ਸਰਲਤਾ ਨਾਲ ਪੰਜਾਬੀ ‘ਚ ਕਰ ਲੈਂਦੀ ਏ ਗੱਲਾਂ

0
706

ਰੋਮ। ਭਾਰਤ ਦੇ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਹੋਵੇ ਜਿੱਥੋਂ ਦੇ ਨੌਜਵਾਨ ਇਟਲੀ ਦੀ ਧਰਤੀ ‘ਤੇ ਨਿਵੇਕਲੀਆਂ ਪੈੜਾਂ ਪਾਉਣ ਨਾ ਆਏ ਹੋਣ। ਇਟਲੀ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਕਾਰਨ ਭਾਰਤੀ ਲੋਕ ਇੱਥੋ ਦੀ ਸਿਆਸਤ ਦਾ ਹੁਲੀਆ ਬਦਲਣ ਲਈ ਵੀ ਪੱਬਾਂ ਭਾਰ ਨਜ਼ਰੀਂ ਆ ਰਹੇ ਹਨ, ਜਿਸ ਕਾਰਨ ਇਟਾਲੀਅਨ ਲੋਕ ਜਿੱਥੇ ਭਾਰਤੀ ਸੱਭਿਆਚਾਰ ਦੇ ਮੁਰੀਦ ਹੋ ਰਹੇ ਹਨ ਉੱਥੇ ਭਾਰਤੀ ਖਾਸਕਰ ਸਿੱਖ ਪੰਜਾਬੀਆਂ ਨੂੰ ਸਮਝਣ ਲਈ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ।

ਇਸ ਦੀ ਸ਼ੁਰੂਆਤ ਇਟਾਲੀਅਨ ਮੁਟਿਆਰ ਅੰਨਾ ਮਰੀਆ ਲਾਊਦੀਨੀ ਨੇ ਆਪਣੀ ਪੀ.ਐਚ. ਡੀ. ਦੀ ਪੜ੍ਹਾਈ ਨਾਲ ਕਰਕੇ ਨਵੀਂ ਸੋਚ ਦਾ ਆਗਾਜ਼ ਕੀਤਾ ਹੈ। ਅੰਨਾ ਮਰੀਆ ਲਾਊਦੀਨੀ ਯੂਰਪੀਅਨ ਯੂਨੀਵਰਸਿਟੀ ਇੰਸਟੀਚਿਊਟ ਫਿਰੈਂਸੇ ਤੋਂ ਪੀ. ਐਚ. ਡੀ. ਦੀ ਪੜ੍ਹਾਈ ਭਾਰਤੀ ਸਿੱਖ ਅਤੇ ਰਵਿਦਾਸੀਆ ਕਮਿਊਨਿਟੀ ‘ਤੇ ਕਰ ਰਹੀ ਹੈ।

ਆਪਣੀ ਪੜ੍ਹਾਈ ਨੂੰ ਮੁਕੰਮਲ ਕਰਨ ਲਈ ਲਾਸੀਓ ਸੂਬੇ ਦੇ ਸਿੱਖ ਤੇ ਰਵਿਦਾਸੀਆ ਸਮਾਜ ਸਬੰਧੀ ਡੂੰਘਾਈ ਨਾਲ ਜਾਣਨ ਲਈ ਪਿਛਲੇ 6 ਮਹੀਨਿਆਂ ਤੋਂ ਪੰਜਾਬੀ ਵੀ ਸਿੱਖ ਰਹੀ ਹੈ, ਜਿਸ ਵਿੱਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ। ਪੰਜਾਬੀ ਲਿਖ ਤੇ ਪੜ੍ਹ ਲੈਂਦੀ ਅੰਨਾ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਤੇ ਸ੍ਰੀ ਗੁਰੂ ਰਵਿਦਾਸ ਟੈਂਪਲ ਵਿੱਚ ਜਾ ਕੇ ਸੰਗਤਾਂ ਨਾਲ ਪੰਜਾਬੀ ਵਿੱਚ ਸਰਲਤਾ ਨਾਲ ਗੱਲ ਕਰ ਸਕਦੀ ਹੈ।

ਹੋਣਹਾਰ ਅੰਨਾ ਮਰੀਆ ਲਾਊਦੀਨੀ ਨੇ ਪ੍ਰੈੱਸ ਨੂੰ ਆਪਣੀ ਪੜ੍ਹਾਈ ਦੇ ਵਿਸ਼ੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੇ ਯੂਰਪ ਵਿੱਚ ਭਾਰਤੀਆਂ ਦੀ ਵੱਡੀ ਤਦਾਦ ਹੈ ਜਿਸ ਲਈ ਉਸ ਨੇ ਉਚੇਚੇ ਤੌਰ ‘ਤੇ ਆਪਣੀ ਪੀ. ਐਚ. ਡੀ. ਲਈ ਸਿੱਖ ਤੇ ਰਵਿਦਾਸੀਆ ਭਾਈਚਾਰੇ ਨੂੰ ਚੁਣਿਆ।

ਜ਼ਿਕਰਯੋਗ ਹੈ ਕਿ ਅੰਨਾ ਮਰੀਆ ਲਾਊਦੀਨੀ ਪਹਿਲੀ ਇਟਾਲੀਅਨ ਮੁਟਿਆਰ ਹੈ ਜਿਹੜੀ ਕਿ ਸਿੱਖ ਅਤੇ ਰਵਿਦਾਸੀਆ ਭਾਈਚਾਰੇ ‘ਤੇ ਪੀ.ਐਚ.ਡੀ. ਕਰ ਰਹੀ ਹੈ। ਇਸ ਕਾਰਜ ਲਈ ਉਸ ਨੂੰ ਬੀਤੇ ਦਿਨ ਸ੍ਰੀ ਗੁਰੁ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਗੁਰਪੁਰਬ ਮੌਕੇ ਵਿਸੇ਼ਸ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।