ਨਿਊਜ਼ ਡੈਸਕ| ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਉਥੋਂ ਆਪਣੇ ਦੇਸ਼ ਨੂੰ ਸੰਦੇਸ਼ ਦਿੱਤਾ ਹੈ। ਅੰਜੂ ਦਾ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਵਿਚ ਉਸ ਨੇ ਭਾਰਤ ਆਉਣ ਦੀ ਗੱਲ ਕਹੀ ਹੈ। ਅੰਜੂ ਨਾਲ ਵੀਡੀਓ ਵਿਚ ਨਸਰੁੱਲਾ ਵੀ ਨਜ਼ਰ ਆ ਰਿਹਾ ਹੈ।ਅੰਜੂ ਆਪਣੇ ਪਾਕਿਸਤਾਨੀ ਫੇਸਬੁੱਕ ਫ੍ਰੈਂਡ ਨਸਰੁੱਲਾ ਨੂੰ ਮਿਲਣ ਜੁਲਾਈ ਵਿਚ ਖੈਬਰ ਪਖਤਨੂਖਵਾ ਗਈ ਸੀ।
ਅੰਜੂ ਦਾ ਵੀਜ਼ਾ ਜੋ 20 ਅਗਸਤ ਨੂੰ ਖਤਮ ਹੋਣਾ ਸੀ, ਹੁਣ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ। ਅੰਜੂ ਨੇ ਕਿਹਾ ਕਿ ਉਹ ਗੱਦਾਰ ਨਹੀਂ ਹੈ। ਭਾਰਤ ਤੇ ਪਾਕਿਸਤਾਨ ਦੀ ਜ਼ਮੀਨ ਇਕ ਹੀ ਤਾਂ ਹੈ। ਬਟਵਾਰਾ ਤਾਂ ਬਾਅਦ ਵਿਚ ਹੀ ਹੋਇਆ ਹੈ। ਭਾਰਤ ਬਹੁਤ ਚੰਗਾ ਹੈ। ਅਜਿਹਾ ਨਹੀਂ ਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਨਹੀਂ ਹੈ। ਮੈਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ ਤੇ ਮੈਂ ਵਾਪਸ ਵੀ ਆਵਾਂਗੀ।
ਅੰਜੂ ਨੇ ਕਿਹਾ ਕਿ ਉਸ ਨੂੰ ਲੈ ਕੇ ਮੀਡੀਆ ਵਿਚ ਕਾਫੀ ਅਫਵਾਹਾਂ ਹਨ। ਉਸ ਦੀ ਇਕ ਫੋਟੋ ਦਿਖਾ ਕੇ ਕਿਹਾ ਜਾ ਰਿਹਾ ਹੈ ਕਿ ਇਸ ਨੇ ਆਪਣੇ ਦੇਸ਼ ਨਾਲ ਗੱਦਾਰੀ ਕੀਤੀ ਹੈ, ਬੱਚਿਆਂ ਨਾਲ ਗਲਤ ਕੀਤਾ ਹੈ ਪਰ ਅਜਿਹਾ ਨਹੀਂ ਹੈ ਤੇ ਉਸ ਨੇ ਕਿਹਾ ਮੈਂ ਵੀ ਇਨਸਾਨ ਹਾਂ। ਅੰਜੂ ਨੇ ਕਿਹਾ ਕਿ ਮੇਰੇ ਲਈ ਥੋੜ੍ਹਾ ਜਿਹਾ ਪਾਜ਼ੀਟਿਵ ਸੋਚੋ ਤੇ ਉਹ ਕਿਸੇ ਦੀ ਦੁਸ਼ਮਣ ਨਹੀਂ ਹੈ।
ਅਜਿਹੀਆਂ ਖਬਰਾਂ ਹਨ ਕਿ ਅੰਜੂ ਨੇ ਪਾਕਿਸਤਾਨ ਜਾ ਕੇ ਇਸਲਾਮ ਕਬੂਲ ਕਰ ਲਿਆ ਹੈ ਤੇ ਉਸ ਨੇ ਨਸਰੁੱਲਾ ਨਾਲ ਵਿਆਹ ਕਰ ਲਿਆ ਹੈ।ਉਸ ਦਾ ਇਸਲਾਮਿਕ ਨਾਂ ਫਾਤਿਮਾ ਦੱਸਿਆ ਜਾ ਰਿਹਾ ਹੈ। ਨਸਰੁੱਲਾ ਤਾਂ ਅੰਜੂ ਨੂੰ ਪਤਨੀ ਦੱਸ ਰਿਹਾ ਹੈ ਪਰ ਅੰਜੂ ਨੇ ਅਜੇ ਤੱਕ ਜਨਤਕ ਤੌਰ ‘ਤੇ ਨਸਰੁੱਲਾ ਨੂੰ ਪਤੀ ਨਹੀਂ ਕਿਹਾ। ਪਿਛਲੇ ਦਿਨੀਂ ਅੰਜੂ ਦਾ ਵੀਜ਼ਾ ਵਧਾਏ ਜਾਣ ਬਾਰੇ ਖੁਦ ਨਸਰੁੱਲਾ ਨੇ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਗ੍ਰਹਿ ਮੰਤਰਾਲੇ ਨੇ ਉਸ ਦਾ ਵੀਜ਼ਾ ਇਕ ਸਾਲ ਲਈ ਵਧਾ ਦਿੱਤਾ ਹੈ।
ਨਸਰੁੱਲਾ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਭਾਰਤ ਸਰਕਾਰ ਤੋਂ ਅੰਜੂ ਦੇ ਬੱਚਿਆਂ ਨੂੰ ਪਾਕਿਸਤਾਨ ਭੇਜਣ ਦੀ ਅਪੀਲ ਕਰੇਗਾ। ਦੂਜੇ ਪਾਸੇ ਅੰਜੂ ਦੇ ਭਾਰਤੀ ਪਤੀ ਅਰਵਿੰਦ ਨੇ ਸਾਫ ਕਰ ਦਿੱਤਾ ਹੈ ਕਿ ਬੱਚੇ ਉਸ ਕੋਲ ਭਾਰਤ ਵਿਚ ਹੀ ਰਹਿਣਗੇ। ਅਰਵਿੰਦ ਨੇ ਅੰਜੂ ਖਿਲਾਫ FIR ਵੀ ਦਰਜ ਕਰਾਈ ਹੈ। ਇਸ FIR ਦੀ ਵਜ੍ਹਾ ਨਾਲ ਨਸਰੁੱਲਾ ਕਾਫੀ ਨਾਰਾਜ਼ ਹੈ।ਉਸ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ। ਉਸ ਨੇ ਕਿਹਾ ਕਿ ਉਹ ਕਿਸੇ ਤੋਂ ਨਹੀਂ ਡਰਦਾ ਹੈ।