ਨਵੀਂ ਦਿੱਲੀ . ਕਰਜ਼ੇ ਦੇ ਬੋਝ ਥੱਲੇ ਦੱਬੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਰਸਨਲ ਗਾਰੰਟੀ ਦੇ ਮਾਮਲੇ ਵਿੱਚ ਲੰਡਨ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਚੀਨ ਦੇ 3 ਬੈਂਕਾਂ ਨੂੰ 717 ਮਿਲੀਅਨ ਡਾਲਰ ਯਾਨੀ ਕਿ ਤਕਰੀਬਨ 5448 ਕਰੋੜ ਰੁਪਏ 21 ਦਿਨਾਂ ਦੇ ਅੰਦਰ ਚੁਕਾਉਣ ਦਾ ਹੁਕਮ ਦਿੱਤਾ ਹੈ । ਮੀਡੀਆ ਰਿਪੋਰਟਾਂ ਅਨੁਸਾਰ ਹਾਈਕੋਰਟ ਆਫ ਇੰਗਲੈਂਡ ਐਂਡ ਵੇਲਸ ਦੇ ਕਮਰਸ਼ਲ ਡਿਵੀਜ਼ਨ ਦੇ ਜਸਟਿਸ ਨੀਗੇਲ ਟੀਅਰੇ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਨਿਲ ਅੰਬਾਨੀ ਨੇ ਵਿਅਕਤੀਗਤ ਤੌਰ ‘ਤੇ ਗਾਰੰਟੀ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਰਕਮ ਚੁਕਾਉਣੀ ਹੋਵੇਗੀ।
ਅਨਿਲ ਅੰਬਾਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਮਾਮਲਾ ਰਿਲਾਇੰਸ ਕਮਿਊਨੀਕੇਸ਼ਨ ਲਿਮੀਟਡ (ਆਰਕਾਮ) ਵੱਲੋਂ 2012 ਵਿੱਚ ਲਏ ਗਏ ਕਾਰਪੋਰੇਟ ਲੋਨ ਨਾਲ ਜੁੜਿਆ ਹੈ। ਬੁਲਾਰੇ ਦਾ ਕਹਿਣਾ ਹੈ ਕਿ ਇਸ ਲੋਨ ਲਈ ਅਨਿਲ ਅੰਬਾਨੀ ਨੇ ਪਰਸਨਲ ਗਰੰਟੀ ਨਹੀਂ ਦਿੱਤੀ ਸੀ। ਇਸ ਤੋਂ ਪਹਿਲਾਂ ਲੰਡਨ ਦੀ ਅਦਾਲਤ ਨੇ ਇਸ ਸਾਲ ਫਰਵਰੀ ਵਿੱਚ ਅਨਿਲ ਅੰਬਾਨੀ ਨੂੰ 100 ਮਿਲੀਅਨ ਡਾਲਰ ਦੀ ਰਾਸ਼ੀ 6 ਹਫ਼ਤੇ ਦੇ ਅੰਦਰ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ । ਉਦੋਂ ਅਨਿਲ ਅੰਬਾਨੀ ਨੇ ਅਦਲਤ ਨੂੰ ਕਿਹਾ ਸੀ ਕਿ ਇਸ ਸਮੇਂ ਉਨ੍ਹਾਂ ਦੀ ਨੈਟਵਰਥ ਜੀਰੋ ਹੋ ਚੁੱਕੀ ਹੈ ਅਤੇ ਪਰਿਵਾਰ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ ਹੈ। ਅਜਿਹੇ ਵਿੱਚ ਉਹ 100 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਵਿੱਚ ਸਮਰੱਥ ਨਹੀਂ ਹੈ । ਆਰਕਾਮ ‘ਤੇ ਕਰੀਬ 46 ਹਜ਼ਾਰ ਕਰੋੜ ਰੁਪਏ ਦਾ ਕਰਜ ਬਾਕੀ ਹੈ। ਅਨਿਲ ਅੰਬਾਨੀ ਦੇ ਬੁਲਾਰੇ ਨੇ ਕਿਹਾ ਕਿ ਲੰਡਨ ਕੋਰਟ ਦੇ ਹੁਕਮ ਅਨੁਸਾਰ ਪਰਸਨਲ ਗਾਰੰਟੀ ਦੀ ਅੰਤਿਮ ਰਕਮ ਦਾ ਮੁਲਾਂਕਣ ਆਰਕਾਮ ਦੇ ਰੈਜੋਲਿਊਸ਼ਨ ਪਲਾਨ ਦੇ ਆਧਾਰ ‘ਤੇ ਹੋਵੇਗਾ।