ਪੰਜਾਬ ‘ਚ ਬਦਲੇਗਾ ਆਨੰਦ ਕਾਰਜ ਮੈਰਿਜ ਐਕਟ, ਕਿਤੇ ਵੀ ਰਜਿਸਟਰਡ ਹੋ ਸਕੇਗਾ ਵਿਆਹ

0
241

ਚੰਡੀਗੜ੍ਹ। ਪੰਜਾਬ ਸਰਕਾਰ ਆਨੰਦ ਕਾਰਜ ਮੈਰਿਜ ਐਕਟ ਵਿਚ ਸੋਧ ਕਰਨ ਦੀ ਤਿਆਰੀ ਵਿਚ ਜੁਟ ਗਈ ਹੈ। ਸੂਤਰਾਂ ਅਨੁਸਾਰ ਅੱਗੇ ਜਾ ਕੇ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਸੋਧ ਨੂੰ ਨਵਾਂ ਰੂਪ ਦੇਣ ਦੀ ਪ੍ਰਵਾਨਗੀ ਮਿਲਣ ਜਾ ਰਹੀ ਹੈ। ਨਵੀਂ ਸੋਧ ਮੁਤਾਬਿਕ ਆਨੰਦ ਕਾਰਜ ਮੈਰਿਜ ਐਕਟ ਤਹਿਤ ਵਿਆਹ ਕਿਤੇ ਵੀ ਰਜਿਸਟਰਡ ਹੋ ਸਕੇਗਾ।
ਸਾਲ 2016 ਵਿਚ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਆਨੰਦ ਕਾਰਜ ਮੈਰਿਜ ਐਕਟ ਹੋਂਦ ਵਿਚ ਆਇਆ ਸੀ। ਪਰ ਇਸਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ ਸੀ। ਇਸਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਉਸਦੇ ਬਾਅਦ ਚਰਨਜੀਤ ਸਿੰਘ ਚੰਨੀ ਦੀ, ਫਿਰ ਵੀ ਇਸਨੂੰ ਮੁਕੰਮਲ ਤੌਰ ਉਤੇ ਲਾਗੂ ਨਹੀਂ ਕੀਤਾ ਜਾ ਸਕਿਆ।
ਪਹਿਲਾਂ ਵਿਆਹ ਨੂੰ ਹਿੰਦੂ ਵਿਆਹ ਵਜੋਂ ਰਜਿਸਟਰਡ ਕੀਤਾ ਜਾਂਦਾ ਰਿਹਾ। ਇਸ ਨਾਲ ਵਿਦੇਸ਼ ਜਾਣ ਵਾਲੇ ਜੋੜਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਿਥੇ ਉਨ੍ਹਾਂ ਨੂੰ ਵਿਦੇਸ਼ ਵਿਚ ਜਾ ਕੇ ਇਹ ਸਾਬਿਤ ਕਰਨਾ ਮੁਸ਼ਕਿਲ ਹੋ ਜਾਂਦਾ ਸੀ ਕਿ ਉਹ ਹਿੰਦੂ ਜੋੜਾ ਹੈ ਜਾਂ ਸਿੱਖ। ਇਸਦੇ ਬਾਅਦ ਸੋਧ ਕੀਤੀ ਗਈ ਤੇ ਫਿਰ ਵਿਆਹ ਰਜਿਸਟਰਡ ਹੋਣ ਲੱਗੇ।
7 ਹਜ਼ਾਰ ਤੋਂ ਜ਼ਿਆਦਾ ਵਿਆਹ ਆਨੰਦ ਕਾਰਜ ਮੈਰਿਜ ਐਕਟ ਤਹਿਤ ਰਜਿਸਟਰਡ ਕੀਤੇ ਗਏ। ਪਰ ਇਸ ਦੌਰਾਨ ਵੱਡੀ ਮੁਸ਼ਕਲ ਇਹ ਰਹੀ ਕਿ ਵਿਆਹ ਦੀ ਰਜਿਸਟ੍ਰੇਸ਼ਨ ਸਿਰਫ ਉਥੇ ਹੀ ਕੀਤੀ ਜਾ ਸਕਦੀ ਸੀ, ਜਿਥੇ ਵਿਆਹ ਕੀਤਾ ਗਿਆ ਹੋਵੇ। ਸੂਤਰਾਂ ਦੀ ਮੰਨੀਏ ਤਾਂ ਇਸ ਗੱਲ ਦਾ ਨੋਟਿਸ ਲਿਆ ਜਾ ਰਿਹਾ ਹੈ ਕਿ ਲਾੜਾ-ਲਾੜੀ ਦੋਵਾਂ ਵਿਚੋਂ ਕੋਈ ਵੀ ਆਪਣੇ ਜੱਦੀ ਸ਼ਹਿਰ ਦੇ ਨਾਲ ਨਾਲ, ਜਿਥੇ ਵਿਆਹ ਹੋ ਰਿਹਾ ਹੈ ਜਾਂ ਤੀਜਾ ਸਥਾਨ ਹੈ, ਇਨ੍ਹਾਂ ਤਿੰਨਾਂ ਥਾਵਾਂ ਵਿਚ ਕਿਤੇ ਵੀ ਵਿਆਹ ਨੂੰ ਰਜਿਸਟਰਡ ਕਰਵਾ ਸਕਦੇ ਹਨ।
ਲੰਘੇ ਦਿਨੀਂ ਪ੍ਰਕਾਸ਼ ਪੁਰਬ ਉਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਆਨੰਦ ਮੈਰਿਜ ਐਕਟ ਨੂੰ ਮੁਕੰਮਲ ਢੰਗ ਨਾਲ ਲਾਗੂ ਕਰਨਗੇ।