ਸੜਕ ਕਿਨਾਰੇ ਖੜ੍ਹੇ ਬਜ਼ੁਰਗ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ, ਹਸਪਤਾਲ ‘ਚ ਮੌਤ

0
576

ਅੰਮ੍ਰਿਤਸਰ | ਤੇਜ਼ ਰਫਤਾਰ ਕਾਰ ਚਾਲਕ ਨੇ ਸੜਕ ਕਿਨਾਰੇ ਖੜ੍ਹੇ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਬਜ਼ੁਰਗ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਜ਼ਖਮੀ ਗੁਰਵੇਲ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਗੁਰਪਾਲ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲ ਸਿੰਘ ਵਾਸੀ ਪਿੰਡ ਕਾਲੇਕੇ ਨੇ ਥਾਣਾ ਖਲਚੀਆਂ ਵਿਖੇ ਦਰਜ ਕਰਵਾਏ ਬਿਆਨ ‘ਚ ਦੱਸਿਆ ਕਿ ਉਸ ਦਾ ਭਰਾ ਗੁਰਵੇਲ ਸਿੰਘ (60) ਕਬਾੜ ਦਾ ਕੰਮ ਕਰਦਾ ਹੈ। ਘਟਨਾ ਦੇ ਸਮੇਂ ਉਹ ਆਪਣੇ ਦੋਸਤ ਸਵਿੰਦਰ ਸਿੰਘ ਪੁੱਤਰ ਹਰੀ ਸਿੰਘ ਨਾਲ ਖਲਚੀਆਂ ਵਿਖੇ ਇਕ ਵੱਡੀ ਕਬਾੜ ਦੀ ਦੁਕਾਨ ‘ਤੇ ਗਿਆ ਹੋਇਆ ਸੀ। ਉੱਥੇ ਆਪਣਾ ਸਾਮਾਨ ਵੇਚਣ ਤੋਂ ਬਾਅਦ ਉਹ ਸੜਕ ਦੇ ਕਿਨਾਰੇ ਬੈਠ ਕੇ ਗੱਲਾਂ ਕਰਨ ਲੱਗੇ।

ਇਸ ਦੌਰਾਨ ਇਕ ਤੇਜ਼ ਰਫਤਾਰ ਕਾਰ ਨੇ ਬਿਨਾਂ ਹਾਰਨ ਦੇ ਆ ਕੇ ਸੜਕ ਕਿਨਾਰੇ ਖੜ੍ਹੇ ਗੁਰਵੇਲ ਸਿੰਘ ਅਤੇ ਉਸ ਦੇ ਹੋਰ ਸਾਥੀ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ।

ਉਥੇ ਇਲਾਜ ਦੌਰਾਨ ਗੁਰਵੇਲ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਕਾਰ ਚਾਲਕ ਗੁਰਪਾਲ ਸਿੰਘ ਵਾਸੀ ਪਿੰਡ ਖਿੱਦੋਵਾਲ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਸ ਦੀ ਕਾਰ ਅਤੇ ਨੁਕਸਾਨਿਆ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ। ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।