ਅੰਮ੍ਰਿਤਸਰ, 7 ਦਸੰਬਰ| ਅੰਮ੍ਰਿਤਸਰ ਦੇ ਪਿੰਡ ਭਿੰਡੀ ਵਿੱਚ ਇੱਕ ਗੁਆਂਢੀ ਨੇ ਪਰਿਵਾਰ ਉੱਤੇ ਬੋਲੈਰੋ ਕਾਰ ਚੜ੍ਹਾ ਦਿੱਤੀ। ਘਟਨਾ ‘ਚ ਜ਼ਖਮੀ ਔਰਤ ਦੀ ਹਸਪਤਾਲ ‘ਚ ਇਲਾਜ ਤੋਂ ਬਾਅਦ ਮੌਤ ਹੋ ਗਈ ਜਦਕਿ ਪਤੀ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਵੀ ਸੱਟਾਂ ਲੱਗੀਆਂ ਹਨ। ਮਾਮਲਾ ਇਕ ਮਹੀਨਾ ਪੁਰਾਣਾ ਹੈ ਪਰ ਪੀੜਤ ਜ਼ਖਮੀ ਮਹਿਲਾ ਦੀ ਅੱਜ ਮੌਤ ਹੋਈ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਰਾਤ ਸਮੇਂ ਕਾਰ ਵਿੱਚ ਅਸ਼ਲੀਲ ਗੀਤ ਵਜਾਉਂਦਾ ਸੀ ਅਤੇ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪੀੜਤ ਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਕਰਮਜੀਤ ਕੌਰ ਨਾਲ ਪਿੰਡ ਭਿੰਡੀ ਵਿੱਚ ਰਹਿੰਦਾ ਹੈ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਮੁਲਜ਼ਮ ਰਣਜੀਤ ਸਿੰਘ ਉਸ ਦਾ ਗੁਆਂਢੀ ਹੈ ਅਤੇ ਹਰ ਰੋਜ਼ ਘਰ ਦੇ ਬਾਹਰ ਖਾਲੀ ਜਗ੍ਹਾ ਵਿੱਚ ਆਪਣੀ ਕਾਰ ਪਾਰਕ ਕਰਦਾ ਹੈ।
ਜਦੋਂ ਵੀ ਉਹ ਰਾਤ ਨੂੰ ਆਪਣੀ ਕਾਰ ਪਾਰਕ ਕਰਦਾ ਤਾਂ ਕਾਰ ਵਿੱਚ ਅਸ਼ਲੀਲ ਗੀਤ ਵਜਾਉਂਦਾ। ਘਰ ਵਿੱਚ ਔਰਤਾਂ ਹੋਣ ਕਾਰਨ ਉਸ ਨੇ ਕੁਝ ਸਮਾਂ ਪਹਿਲਾਂ ਰਣਜੀਤ ਸਿੰਘ ਨੂੰ ਰੋਕ ਕੇ ਉਸ ਨੂੰ ਅਜਿਹੇ ਗੀਤ ਨਾ ਚਲਾਉਣ ਲਈ ਕਿਹਾ ਸੀ। ਇਸ ਮਾਮਲੇ ਨੂੰ ਲੈ ਕੇ ਰਣਜੀਤ ਸਿੰਘ ਨੇ ਉਸ ਨਾਲ ਰੰਜਿਸ਼ ਰੱਖੀ।
ਪੀੜਤ ਨੇ ਦੱਸਿਆ ਕਿ 9 ਨਵੰਬਰ ਦੀ ਰਾਤ ਨੂੰ ਜਦੋਂ ਉਸ ਦਾ ਪੂਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਮੁਲਜ਼ਮ ਆਪਣੇ ਸਾਥੀਆਂ ਬੂਟਾ ਅਤੇ ਮੇਹਰ ਸਿੰਘ ਨਾਲ ਮਿਲ ਕੇ ਕਾਰ ਸਮੇਤ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ ਤੇ ਸੁੱਤੇ ਪਏ ਪਰਿਵਾਰਕ ਮੈਂਬਰਾਂ ‘ਤੇ ਬੋਲੈਰੋ ਗੱਡੀ ਚੜ੍ਹਾ ਦਿੱਤੀ। ਜਿਸ ਵਿੱਚ ਉਹ ਅਤੇ ਉਸਦੀ ਪਤਨੀ ਕਰਮਜੀਤ ਕੌਰ ਦੇ ਗੰਭੀਰ ਸੱਟਾਂ ਲੱਗੀਆਂ।
ਘਟਨਾ ਤੋਂ ਬਾਅਦ ਦੋਵਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਵਿੰਦਰ ਸਿੰਘ ਨੂੰ ਤਾਂ ਉੱਥੋਂ ਛੁੱਟੀ ਦੇ ਦਿੱਤੀ ਗਈ ਸੀ, ਜਦੋਂਕਿ ਹਸਪਤਾਲ ਵਿੱਚ ਦਾਖ਼ਲ ਉਸ ਦੀ ਪਤਨੀ ਕਰਮਜੀਤ ਕੌਰ ਦੀ ਅੱਜ ਮੌਤ ਹੋ ਗਈ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਭਿੰਡੀ ਸੈਦਾਂ ਥਾਣੇ ਦੇ ਏਐਸਆਈ ਅਗਿਆਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਬੂਟਾ ਅਤੇ ਮੇਹਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।