ਅੰਮ੍ਰਿਤਸਰ : ਮੁੰਡੇ ਦੀ ਆਸ ਲਾਈ ਬੈਠੇ ਪਰਿਵਾਰ ਦੇ ਘਰ ਫਿਰ ਹੋਈ ਕੁੜੀ, ਦਾਦੇ ਨੇ ਮਾਸੂਮ ਨੂੰ ਦਿੱਤਾ ਜ਼ਹਿਰ

0
592

ਅੰਮ੍ਰਿਤਸਰ| ਅਜਨਾਲਾ ਦੇ ਪਿੰਡ ਮਾਕੋਵਾਲ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 6 ਸਾਲ ਪਹਿਲਾਂ ਜਗਰੂਪ ਕੌਰ ਦਾ ਵਿਆਹ ਇਸ ਪਿੰਡ ਦੇ ਫੌਜੀ ਨਾਲ ਹੋਇਆ ਸੀ। ਪਰ ਜਦੋਂ ਜਗਰੂਪ ਕੌਰ ਦੇ ਘਰ ਪਹਿਲੀ ਬੇਟੀ ਨੇ ਜਨਮ ਲਿਆ ਤਾਂ ਉਦੋਂ ਤੋਂ ਹੀ ਜਗਰੂਪ ਕੌਰ ਨਾਲ ਬੁਰਾ ਵਤੀਰਾ ਕੀਤਾ ਜਾਣਾ ਸ਼ੁਰੂ ਹੋ ਗਿਆ।

ਫੌਜੀ ਪਤੀ ਵੀ ਛੁੱਟੀ ‘ਤੇ ਆਉਂਦਾ ਸੀ ਤਾਂ ਪਤਨੀ ਨਾਲ ਸਹੀ ਵਤੀਰਾ ਨਹੀਂ ਸੀ ਕਰਦਾ। ਹੁਣ ਜਦੋਂ ਫੌਜੀ ਦੀ ਦੂਸਰੀ ਬੇਟੀ ਨੂੰ ਜਗਰੂਪ ਕੌਰ ਨੇ ਜਨਮ ਦਿੱਤਾ ਤਾਂ ਫੌਜੀ ਪਤੀ ਨੇ ਆਪਣੀ ਬੱਚੀ ਨੂੰ ਵੀ ਦੇਖਣਾ ਮੁਨਾਸਬ ਨਹੀਂ ਸਮਝਿਆ।

ਹੁਣ ਜਦੋਂ ਬੱਚੀ 8 ਮਹੀਨੇ ਦੀ ਹੋ ਗਈ ਤਾਂ ਬੱਚੀ ਨੂੰ ਉਸਦੇ ਦਾਦੇ ਨੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਗਰੂਪ ਦੇ ਸਹੁਰੇ ਪਰਿਵਾਰ ‘ਤੇ ਮਾਮਲਾ ਦਰਜ ਕੀਤਾ ਹੈ।

ਡਾਕਟਰੀ ਰਿਪੋਰਟ ਮੁਤਾਬਕ ਬੱਚੀ ਨੂੰ ਜਬਰੀ ਕੋਈ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਫੌਜੀ ਦੀ ਪਤਨੀ ਵਲੋਂ ਆਪਣੇ ਸਹੁਰੇ ਪਰਿਵਾਰ ‘ਤੇ ਆਪਣੀ ਬੱਚੀ ਨੂੰ ਮਾਰਨ ਦੇ ਦੋਸ਼ ਲਗਾਏ ਗਏ ਹਨ। ਇਸ ਮੌਕੇ ਪੀੜਤ ਜਗਰੂਪ ਕੌਰ ਨੇ ਦੱਸਿਆ ਕਿ ਉਸਦੇ ਸਹੁਰੇ ਵਲੋਂ ਕੁੜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਹ ਮੁੰਡਾ ਚਾਹੁੰਦੇ ਸਨ।

ਜਗਰੂਪ ਕੌਰ ਨੇ ਕਿਹਾ ਕਿ ਉਸਦੇ ਘਰ ਪਹਿਲਾਂ ਵੀ ਦੋ ਬੇਟੀਆਂ ਹਨ। ਉਸਦਾ ਸਹੁਰਾ ਤੇ ਪਤੀ ਬੇਟੀਆਂ ਤੋਂ ਨਫਰਤ ਕਰਦੇ ਹਨ।

ਦੂਜੇ ਪਾਸੇ ਜਗਰੂਪ ਕੌਰ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਸਾਡੀ ਬੇਟੀ ਦੀ ਪਿਛਲੇ ਛੇ ਸਾਲ ਤੋਂ ਕੁੱਟਮਾਰ ਕੀਤੀ ਜਾ ਰਹੀ ਹੈ, ਕਿਉਂਕਿ ਉਸਦੇ ਘਰ ਚਾਰ ਬੇਟੀਆਂ ਪੈਦਾ ਹੋਈਆਂ, ਜਿਨ੍ਹਾਂ ਵਿੱਚ ਦੋ ਮਾਰ ਦਿੱਤੀਆਂ ਗਈਆਂ ਤੇ ਤੀਸਰੀ ਨੂੰ ਵੀ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ।